ਜਲੰਧਰ, 4 ਜੁਲਾਈ:(ਰਮੇਸ਼ ਗਾਬਾ) ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਕਰੀਬ 98.89 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਜਲੰਧਰ ਕੈਂਟ ਰੇਲਵੇ ਸਟੇਸ਼ਨ ਹੁਣ ਆਪਣੇ ਅੰਤਿਮ ਪੜਾਅ ਵਿੱਚ ਹੈ। ਜਾਣਕਾਰੀ ਮੁਤਾਬਕ, ਇਸ ਦਾ ਉਦਘਾਟਨ 13 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਸਕਦਾ ਹੈ। ਉਦਘਾਟਨ ਤੋਂ ਪਹਿਲਾਂ ਨਾਰਦਰਨ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਨੇ ਸਟੇਸ਼ਨ ਦਾ ਵਿਸਥਾਰ ਨਾਲ ਨਿਰੀਖਣ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਜੀਐੱਮ ਨੇ ਯਾਤਰੀ ਸਹੂਲਤਾਂ, ਐਸਕਲੇਟਰ, ਲਿਫਟਾਂ, ਏਸੀ ਵੈਟਿੰਗ ਹਾਲ, ਡਿਜੀਟਲ ਲਾਕਰ, ਪੀਣ ਵਾਲੇ ਠੰਢੇ ਪਾਣੀ ਦੀ ਵਿਵਸਥਾ, ਐਂਟਰੀ-ਐਗਜ਼ਿਟ ਪੁਆਇੰਟ, ਪਾਰਸਲ ਏਰੀਆ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸੰਭਾਵਿਤ ਦੌਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਗਮ ਸਥਲ, ਵੀਆਈਪੀ ਰੂਟ, ਪਾਰਕਿੰਗ ਅਤੇ ਲੋਕਾਂ ਦੇ ਬੈਠਣ ਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ।
ਜਲੰਧਰ ਕੈਂਟ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇੱਥੇ ਅੱਠ ਐਸਕਲੇਟਰ, ਦੱਸ ਲਿਫਟਾਂ, ਏਸੀ ਵੈਟਿੰਗ ਹਾਲ, ਡਿਜੀਟਲ ਲਾਕਰ, ਲਗੇਜ਼ ਸਕੈਨਿੰਗ ਮਸ਼ੀਨਾਂ, ਮੈਟਲ ਡਿਟੈਕਟਰ, ਹੈਲਪ ਡੈਸਕ, ਬੇਬੀ ਫੀਡਿੰਗ ਰੂਮ, ਦਿਵਿਆਂਗਾਂ ਲਈ ਟੈਕਟਾਈਲ ਪਾਥਵੇ ਅਤੇ ਪਿਕ-ਅੱਪ ਤੇ ਡਰਾਪ ਦੀ ਸੁਵਿਧਾ ਉਪਲਬਧ ਹੈ। ਸਟੇਸ਼ਨ ਦੀਆਂ ਦੋਵਾਂ ਪਾਸਿਆਂ ਤੋਂ ਐਂਟਰੀ ਬਣਾਈ ਗਈ ਹੈ ਅਤੇ ਪਾਰਕਿੰਗ ਸਮਰੱਥਾ ਵੀ ਵਧਾਈ ਗਈ ਹੈ।
ਹਾਲਾਂਕਿ ਕੁਝ ਕੰਮ ਅਜੇ ਵੀ ਬਾਕੀ ਹਨ। ਸਟੇਸ਼ਨ ‘ਤੇ ਲੱਗੇ ਅੱਠ ਐਸਕਲੇਟਰਾਂ ਵਿੱਚੋਂ ਫਿਲਹਾਲ ਇੱਕ ਹੀ ਚੱਲ ਰਿਹਾ ਹੈ, ਜਦਕਿ ਦੱਸ ਲਿਫਟਾਂ ਵਿੱਚੋਂ ਤਿੰਨ ਚਾਲੂ ਹਨ। ਇਸ ਤੋਂ ਇਲਾਵਾ 350 ਕਿਲੋਵਾਟ ਦਾ ਸੋਲਰ ਪੈਨਲ ਲਗਣਾ, ਕੁਝ ਏਸੀ ਕੰਮ, ਡਰੇਨੇਜ, ਕੋਚ ਇੰਡੀਕੇਟਰ ਪਿੱਲਰਾਂ ਦਾ ਫਿਨਿਸ਼ਿੰਗ ਕੰਮ ਅਤੇ ਸੈਕੰਡ ਐਂਟਰੀ ‘ਤੇ ਪਾਰਕਿੰਗ ਦੀ ਤਿਆਰੀ ਹਾਲੇ ਬਾਕੀ ਹੈ।
ਰੋਜ਼ਾਨਾ ਕਰੀਬ 7,400 ਯਾਤਰੀ ਇਸ ਸਟੇਸ਼ਨ ਦੀ ਵਰਤੋਂ ਕਰਦੇ ਹਨ, ਜਦਕਿ 141 ਰੇਲਗੱਡੀਆਂ ਇੱਥੋਂ ਲੰਘਦੀਆਂ ਹਨ। ਸਟੇਸ਼ਨ ਨੂੰ ਭਵਿੱਖ ਵਿੱਚ 20 ਹਜ਼ਾਰ ਯਾਤਰੀਆਂ ਦੇ ਫੁੱਟਫਾਲ ਨੂੰ ਧਿਆਨ ਵਿੱਚ ਰੱਖ ਕੇ ਵਿਕਸਤ ਕੀਤਾ ਗਿਆ ਹੈ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲੰਧਰ ਕੈਂਟ ਸਟੇਸ਼ਨ ਪੰਜਾਬ ਦਾ ਪਹਿਲਾ ਅਜਿਹਾ ਆਧੁਨਿਕ ਰੇਲਵੇ ਸਟੇਸ਼ਨ ਹੋਵੇਗਾ, ਜੋ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰੇਗਾ। ਹੁਣ ਉਦਘਾਟਨ ਸਬੰਧੀ ਅੰਤਿਮ ਮਨਜ਼ੂਰੀ ਅਤੇ ਅਧਿਕਾਰਕ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕੀਤੀ ਜਾ ਰਹੀ ਹੈ।
More Stories
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ
ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ