
ਹੁਸ਼ਿਆਰਪੁਰ TLT NEWS/ ਪੰਜਾਬ ਦੀ ਧਰਤੀ ‘ਤੇ ਪੰਜਾਬ ਸਰਕਾਰ ਵੱਲੋਂ ਗੈਰ-ਪੰਜਾਬੀਆਂ ਦਾ ਗ਼ਲਬਾ ਪਾਉਣ ਦੀ ਨਾਪਾਕ ਸਾਜ਼ਿਸ਼ ਅਧੀਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 3 ਲੱਖ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਬਣਾਉਣ ਦੇ ਐਲਾਨ ਦਾ ਭਾਰੀ ਵਿਰੋਧ ਕਰਦਿਆਂ ਹੋਇਆਂ ਸਮੂਹ ਸਿੱਖ, ਕਿਸਾਨ, ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ, ਰੇਲਵੇ ਰੋਡ, ਹੁਸ਼ਿਆਰਪੁਰ ਤੋਂ ਬੱਸ ਸਟੈਂਡ ਹੁਸ਼ਿਆਰਪੁਰ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ।ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਧਰਤੀ ‘ਤੇ ਬਸਤੀਵਾਦ ਅਧੀਨ ਨਾਪਾਕ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਹੁਕਮਾਂ ਅਧੀਨ ਪੰਜਾਬ ਦੀ ਧਰਤੀ ‘ਤੇ ਪ੍ਰਵਾਸੀਆਂ ਨੂੰ ਵਸਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਧਰਤੀ ‘ਤੇ ਘੱਟ-ਗਿਣਤੀ ਕਰਨ ਵਿੱਚ ਲੱਗੀ ਹੋਈ ਹੈ, ਜਿਸ ਤਹਿਤ ਵੱਖੋ-ਵੱਖਰੀਆਂ ਪੰਜਾਬ ਮਾਰੂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਨਾਲ ਪੰਜਾਬ ਨੂੰ ਆਰਥਿਕ, ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਤੌਰ ‘ਤੇ ਗੰਧਲਾ ਅਤੇ ਕਮਜ਼ੋਰ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਗੱਲ ਸਿਰਫ਼ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਬਣਨ ਦੀ ਨਹੀਂ ਹੈ, ਗੱਲ ਪੰਜਾਬ ਦੇ ਸਾਧਨਾਂ ‘ਤੇ, ਸੋਮਿਆਂ ‘ਤੇ ਪੈ ਰਹੀ ਲੁੱਟ-ਕਸੁੱਟ ਦੀ ਹੈ। ਪ੍ਰਵਾਸੀਆਂ ਦੇ 3 ਲੱਖ ਰਾਸ਼ਨ ਕਾਰਡ ਬਣਾਉਣ ਪਿੱਛੇ ਪੰਜਾਬ ਸਰਕਾਰ ਦੀ ਮਨਸ਼ਾ ਹੈ ਕਿ 20-25 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਪੰਜਾਬ ਦੀ ਧਰਤੀ ‘ਤੇ ਪੱਕੇ ਤੌਰ ‘ਤੇ ਵਸਾਇਆ ਜਾਵੇ।
ਪੰਜਾਬ ਦੀ ਧਰਤੀ ‘ਤੇ ਪ੍ਰਵਾਸੀ ਲੋਕਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬ ਦਾ ਭਵਿੱਖ ਖ਼ਤਰੇ ਵਿਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਸਾਂਝੀ ਇਕੱਤਰਤਾ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਡੇ ਪੱਧਰ ‘ਤੇ ਸਰਕਾਰ ਦੀ ਇਸ ਨਾਪਾਕ ਨੀਤੀ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ “ਪ੍ਰਵਾਸੀਆਂ ਦੇ ਰਾਸ਼ਨ ਕਾਰਡ ਬਣਾਉਣੇ ਬੰਦ ਕਰੋ”, “ਪ੍ਰਵਾਸੀਆਂ ਦੀਆਂ ਵੋਟਾਂ ਬਣਾਉਣੀਆਂ ਬੰਦ ਕਰੋ”, “ਪੰਜਾਬ ਪੰਜਾਬੀਆਂ ਦਾ” ਆਦਿ ਨਾਅਰੇ ਲਗਾਏ ਗਏ।ਇਸ ਮੌਕੇ ਮਿਸਲ ਪੰਜ-ਆਬ ਤੋਂ ਗੁਰਪ੍ਰੀਤ ਸਿੰਘ ਖੁੱਡਾ, ਜਸਵੀਰ ਸਿੰਘ ਸੀਕਰੀ, ਆਵਾਜ਼-ਏ-ਕੌਮ ਤੋਂ ਨੋਬਲਜੀਤ ਸਿੰਘ ਬੁੱਲ੍ਹੋਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਦੀਪ ਸਿੰਘ ਖੁਣਖੁਣ, ਗੁਰਨਾਮ ਸਿੰਘ ਸਿੰਗੜੀਵਾਲਾ, ਹਰਵਿੰਦਰ ਸਿੰਘ ਹੀਰਾ, ਸ਼ਹੀਦ ਭਗਤ ਸਿੰਘ ਵੈਲਫ਼ੇਅਰ ਸੁਸਾਇਟੀ ਤੋਂ ਰਵਿੰਦਰ ਸਿੰਘ ਕਾਹਲੋਂ, ਡਾ. ਹਰਲੀਨ ਸਿੰਘ, ਅਮਰਜੀਤ ਸਿੰਘ ਨਿੱਝਰ, ਬਾਬਾ ਬੂਟਾ ਸਿੰਘ ਮਸਾਣੀਆਂ, ਬਾਬਾ ਉਂਕਾਰ ਸਿੰਘ, ਕਮਲਜੀਤ ਸਿੰਘ ਦਿੳਵਾਲ, ਪਰਮਜੀਤ ਸਿੰਘ ਪਿੰਕੂ, ਅਮਰਜੀਤ ਸਿੰਘ ਹੁਸ਼ਿਆਰਪੁਰ, ਪਰਮਜੀਤ ਸਿੰਘ ਹੁਸ਼ਿਆਰਪੁਰ, ਗੁਰਬਾਜ਼ ਸਿੰਘ ਦਸੂਹਾ, ਜਸਪਾਲ ਸਿੰਘ ਬਾਕਰਪੁਰ, ਹਰਜਿੰਦਰ ਸਿੰਘ ਗਿੱਲਾਂ ਆਦਿ ਹਾਜ਼ਰ ਸਨ।

More Stories
ਸਾਊਦੀ ਅਰਬ ‘ਚ ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ਬਚਾਉਣ ਲਈ ਮੈਦਾਨ ‘ਚ ਨਿੱਤਰੇ ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ