TLT NEWS/ ਸਾਊਦੀ ਅਰਬ ਅੰਦਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਇੱਕ ਵਿਵਾਦਤ ਮਾਮਲੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬੀ ਟਰੱਕ ਡਰਾਈਵਰ ਬਲਜਿੰਦਰ ਸਿੰਘ ਦੀ ਜਾਨ ਬਚਾਉਣ ਲਈ ਆਰੰਭੀ ਗਈ ਮੁਹਿੰਮ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਪੀੜਤ ਬਲਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਜਨਤਕ ਤੌਰ ਤੇ ਮਦਦ ਦੀ ਗੁਹਾਰ ਲਗਾਏ ਜਾਣ ਉਪਰੰਤ ਹੁਣ ਕੌਮਾਂਤਰੀ ਪੱਧਰ ਦੇ ਭਾਰਤੀ ਰੈਸਲਰ ਦਿ ਗ੍ਰੇਟ ਖਲੀ, ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਪਣੇ-ਆਪਣੇ ਪੱਧਰ ਤੇ ਇਸ ਸੰਜੀਦਾ ਮੁੱਦੇ ਤੇ ਆਵਾਜ਼ ਬੁਲੰਦ ਕੀਤੀ ਹੈ। ਪ੍ਰਮੁੱਖ ਹਸਤੀਆਂ ਦੇ ਇਸ ਸਾਥ ਨਾਲ ਬਲਜਿੰਦਰ ਦੇ ਪੀੜਤ ਪਰਿਵਾਰ ਨੂੰ ਕੇਂਦਰ ਸਰਕਾਰ ਅਤੇ ਸਮਾਜ ਵੱਲੋਂ ਠੋਸ ਮਦਦ ਮਿਲਣ ਦੀ ਇੱਕ ਨਵੀਂ ਉਮੀਦ ਜਾਗੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਦਿ ਗ੍ਰੇਟ ਖਲੀ ਨੇ ਬਕਾਇਦਾ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਮ ਲੋਕਾਂ ਨੂੰ ਬਲਜਿੰਦਰ ਦੇ ਪਰਿਵਾਰ ਦਾ ਸਾਥ ਦੇਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਨੁੱਖੀ ਅਧਿਕਾਰਾਂ ਅਤੇ ਹਮਦਰਦੀ ਦੇ ਆਧਾਰ ਤੇ ਇਸ ਸਮੇਂ ਠੋਸ ਸਹਿਯੋਗ ਦੀ ਸਖ਼ਤ ਲੋੜ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਬਲਜਿੰਦਰ ਦੀ ਸੁਰੱਖਿਅਤ ਵਤਨ ਵਾਪਸੀ ਲਈ ਚੱਲ ਰਹੇ ਯਤਨਾਂ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ। ਖਲੀ ਦੀ ਇਹ ਭਾਵੁਕ ਅਪੀਲ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਕੌਮੀ ਪੱਧਰ ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਪਾਕਿਸਤਾਨੀ ਨਾਗਰਿਕ ਨੇ ਭਾਵੁਕ ਕਰਕੇ ਧੋਖੇ ਨਾਲ ਫਸਾਇਆ: ਖਲੀ
ਦਿ ਗ੍ਰੇਟ ਖਲੀ ਨੇ ਆਪਣੇ ਵੀਡੀਓ ਬਿਆਨ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਗੱਲ ਸਭ ਦੇ ਸਾਹਮਣੇ ਸਾਫ਼ ਹੋ ਚੁੱਕੀ ਹੈ ਕਿ ਬਲਜਿੰਦਰ ਨੂੰ ਇੱਕ ਸਾਜ਼ਿਸ਼ ਤਹਿਤ ਝੂਠਾ ਫਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਕਿਸਤਾਨੀ ਵਿਅਕਤੀ ਨੇ ਆਪਣੇ ਬਿਮਾਰ ਪਿਤਾ ਦੀ ਮਜਬੂਰੀ ਦਾ ਹਵਾਲਾ ਦੇ ਕੇ ਬਲਜਿੰਦਰ ਨੂੰ ਭਾਵੁਕ ਕੀਤਾ ਅਤੇ ਦਵਾਈ ਦੇਣ ਦੇ ਬਹਾਨੇ ਧੋਖੇ ਨਾਲ ਨਸ਼ੀਲੇ ਪਦਾਰਥਾਂ ਦਾ ਪੈਕੇਟ ਫੜਾ ਦਿੱਤਾ ਸੀ। ਖਲੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਸਰਗਰਮ ਹਰ ਜਾਗਰੂਕ ਨਾਗਰਿਕ ਨੂੰ ਬੇਗੁਨਾਹ ਬਲਜਿੰਦਰ ਦੇ ਹੱਕ ਵਿੱਚ ਡਟਣਾ ਚਾਹੀਦਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੂਟਨੀਤਕ ਪੱਧਰ ਤੇ ਕਾਰਵਾਈ ਕਰਕੇ ਬਲਜਿੰਦਰ ਦੀ ਰਿਹਾਈ ਯਕੀਨੀ ਬਣਾਵੇ ਤਾਂ ਜੋ ਉਹ ਵਾਪਸ ਆ ਕੇ ਆਪਣੇ ਪਰਿਵਾਰ ਨਾਲ ਸੁਖੀ ਜੀਵਨ ਬਤੀਤ ਕਰ ਸਕੇ।
ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ: ਦਿਲਜੀਤ ਦੋਸਾਂਝ
ਦੂਜੇ ਪਾਸੇ, ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਵੀ ਇੱਕ ਵੀਡੀਓ ਸਾਂਝੀ ਕਰਦਿਆਂ ਇਸ ਮਾਮਲੇ ਤੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਇਸ ਕੇਸ ਦੇ ਹਰ ਕਾਨੂੰਨੀ ਪਹਿਲੂ ਤੋਂ ਪੂਰੀ ਤਰ੍ਹਾਂ ਵਾਕਫ਼ ਨਹੀਂ ਹਨ, ਪਰ ਜੇਕਰ ਬਲਜਿੰਦਰ ਸੱਚਮੁੱਚ ਬੇਕਸੂਰ ਹੈ ਤਾਂ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸਾਊਦੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਏ। ਉਨ੍ਹਾਂ ਕਿਹਾ ਕਿ ਬਲਜਿੰਦਰ ਦਾ ਪਰਿਵਾਰ ਪੰਜਾਬ ਵਿੱਚ ਬੇਹੱਦ ਔਖੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਨੂੰ ਸੁਰੱਖਿਅਤ ਭਾਰਤ ਲਿਆਉਣ ਵਾਸਤੇ ਜਿੰਨੀ ਵੀ ਸੰਭਵ ਹੋ ਸਕੇ ਕੂਟਨੀਤਕ ਅਤੇ ਕਾਨੂੰਨੀ ਮਦਦ ਮੁਹੱਈਆ ਕਰਵਾਈ ਜਾਵੇ।
ਇਨਸਾਫ਼ ਦੀ ਗੁਹਾਰ ਲੈ ਕੇ ਸਾਬਕਾ ਸਾਂਸਦ ਖੰਨਾ ਕੋਲ ਪਹੁੰਚਿਆ ਪਰਿਵਾਰ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਲਜਿੰਦਰ ਸਿੰਘ ਦੀ ਧਰਮਪਤਨੀ ਮਨਿੰਦਰ ਕੌਰ ਨੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਦੇ ਦਰਬਾਰ ਪਹੁੰਚ ਕੇ ਇਨਸਾਫ਼ ਦੀ ਮੰਗ ਕੀਤੀ ਸੀ। ਬੀਤੀ 21 ਸਤੰਬਰ ਨੂੰ ਹੋਈ ਜਨ ਸ਼ਿਕਾਇਤ ਸੁਣਵਾਈ ਦੌਰਾਨ ਉਨ੍ਹਾਂ ਖੰਨਾ ਨੂੰ ਇੱਕ ਲਿਖਤੀ ਮੰਗ-ਪੱਤਰ ਸੌਂਪਿਆ ਸੀ, ਜਿਸ ਵਿੱਚ ਕੇਂਦਰ ਸਰਕਾਰ ਰਾਹੀਂ ਸਾਊਦੀ ਅਰਬ ਦੇ ਉੱਚ ਅਧਿਕਾਰੀਆਂ ਕੋਲ ਇਹ ਮਾਮਲਾ ਪਹਿਲ ਦੇ ਆਧਾਰ ਤੇ ਉਠਾਉਣ ਦੀ ਬੇਨਤੀ ਕੀਤੀ ਗਈ ਸੀ।
ਹਰ ਸੰਭਵ ਮਦਦ ਦੇ ਯਤਨ ਜ਼ਰੂਰੀ: ਅਵਿਨਾਸ਼ ਰਾਏ ਖੰਨਾ
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਅਵਿਨਾਸ਼ ਰਾਏ ਖੰਨਾ ਨੇ ਪਰਿਵਾਰ ਦੀ ਇਹ ਗੰਭੀਰ ਸ਼ਿਕਾਇਤ ਤੁਰੰਤ ਵਿਦੇਸ਼ ਮੰਤਰਾਲੇ ਤੱਕ ਪਹੁੰਚਾਈ। ਉਨ੍ਹਾਂ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਾਊਦੀ ਸਰਕਾਰ ਅੱਗੇ ਇਸ ਮੁੱਦੇ ਨੂੰ ਰੱਖੇ ਅਤੇ ਉਪਲਬਧ ਸਾਰੇ ਮਨੁੱਖੀ, ਕਾਨੂੰਨੀ ਅਤੇ ਕੂਟਨੀਤਕ ਵਿਕਲਪਾਂ ਦੀ ਵਰਤੋਂ ਕਰਕੇ ਬਲਜਿੰਦਰ ਦੀ ਸਜ਼ਾ ਮੁਆਫ਼ ਕਰਵਾਉਣ ਦੇ ਯਤਨ ਕਰੇ। ਖੰਨਾ ਨੇ ਪੀੜਤ ਪਰਿਵਾਰ ਨੂੰ ਢਾਰਸ ਦਿੰਦਿਆਂ ਭਰੋਸਾ ਦਿਵਾਇਆ ਕਿ ਵਿਦੇਸ਼ ਦੀ ਧਰਤੀ ਤੇ ਸੰਕਟ ਵਿੱਚ ਘਿਰੇ ਇੱਕ ਨਿਰਦੋਸ਼ ਭਾਰਤੀ ਨਾਗਰਿਕ ਦੀ ਜਾਨ ਬਚਾਉਣ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।

More Stories
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਦਿੱਲੀ: ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਦਾ ਐਨਕਾਊਂਟਰ ਦੌਰਾਨ ਕਾਬੂ, ਦੋ ਹਾਲੇ ਵੀ ਫ਼ਰਾਰ