ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਦੀ ਸਿਹਤ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ।ਸਿਹਤ ਮੰਤਰੀ ਲਾਰਿਆਂ ਤੋਂ ਬਾਅਦ ਧਮਕੀਆਂ ਤੇ ਉਤਰੇ।

ਪੰਜਾਬ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕਰਕੇ , ਸਿਹਤ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੱਕਾ ਧਰਨਾ ਲਗਾਉਣ ਦਾ ਐਲਾਨ -ਸੂਬਾ ਪ੍ਰਧਾਨ

ਜਲੰਧਰ (ਰਮੇਸ਼ ਗਾਬਾ)  ਸਿਹਤ ਵਿਭਾਗ ਪੰਜਾਬ ਚ ਪਿਛਲੇ ਲੰਮੇ ਸਮੇਂ ਤੋਂ ਮਜ਼ਬੂਤ ਕੜੀ ਚ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਮੂਹ ਮੁਲਾਜ਼ਮਾਂ ਵੱਲੋਂ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਬੈਨਰ ਹੇਠ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਲਗਪਗ 15 ਦਿਨਾਂ ਤੋਂ ਹੜਤਾਲ ਚਲ ਰਹੀ ਹੈ। ਇਸ ਦੇ ਤਹਿਤ ਹੀ ਅੱਜ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਿਹਤ ਮੰਤਰੀ ਪੰਜਾਬ ਜੀ ਹੋਈ। ਇਸ ਮੀਟਿੰਗ ਚ ਸਿਹਤ ਮੰਤਰੀ ਪੰਜਾਬ ਤੋਂ ਇਲਾਵਾ ਪ੍ਰਿੰਸੀਪਲ ਹੈਲਥ ਸੈਕਟਰੀ, ਡਾਇਰੈਕਟਰ ਐਨ ਐਚ ਐਮ ਅਤੇ ਉੱਚ ਅਧਿਕਾਰੀ ਅਤੇ ਯੂਨੀਅਨ ਦੇ ਮੁੱਖ ਆਗੂ ਹਾਜਰ ਸਨ। ਸਿਹਤ ਮੰਤਰੀ ਜੀ ਨਾਲ ਹੋਈ ਮੀਟਿੰਗ ਬਿਲਕੁਲ ਹੀ ਬੇਸਿੱਟਾ ਰਹੀ। ਵਾਰ ਵਾਰ ਗੱਲਬਾਤ ਕਰਨ ਤੋਂ ਬਾਅਦ ਵੀ ਸਿਹਤ ਮੰਤਰੀ ਵੱਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਸਿਹਤ ਮੰਤਰੀ ਵੱਲੋਂ ਯੂਨੀਅਨ ਆਗੂਆਂ ਅਤੇ ਸਮੁੱਚੇ ਐਨ ਐਚ ਐਮ ਮੁਲਾਜ਼ਮਾਂ ਨੂੰ ਨੋਕਰੀ ਤੋ ਬਰਖਾਸਤ ਕਰਨ ਦੀਆਂ ਧਮਕੀਆ ਦਿੰਦੇ ਹੋਏ, ਆਉਟਸੋਰਸ ਸਟਾਫ ਰੱਖਣ ਦੀ ਧਮਕੀ ਦਿੱਤੀ ਗਈ ‌ । ਸਿਹਤ ਮੰਤਰੀ ਜੀ ਦੇ ਇਸ ਤਰ੍ਹਾਂ ਦੇ ਰਵੱਈਏ ਨੂੰ ਲੈ ਕੇ ਯੂਨੀਅਨ ਆਗੂਆਂ ਅਤੇ ਪੰਜਾਬ ਦੇ ਸਮੂਹ ਐਨ ਐਚ ਐਮ ਮੁਲਾਜ਼ਮਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਮੰਤਰੀ ਜੀ ਦੇ ਇਸ ਤਰ੍ਹਾਂ ਦੇ ਰਵੱਈਏ ਦਾ ਜਵਾਬ ਸਮੁੱਚੇ ਐਨ ਐਚ ਐਮ ਮੁਲਾਜ਼ਮ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਹਰ ਮੋੜ ਤੇ ਘਿਰਾਓ ਕਰਕੇ ਦੇਣਗੇ। ਇਸੇ ਰੋਸ ਵਜੋਂ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸਰਕਾਰ ਨੂੰ 7 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ 7 ਸਤੰਬਰ ਤੱਕ ਸਾਡੀਆਂ ਹੱਕੀ ਮੰਗਾਂ ਨੂੰ ਲਿਖਤੀ ਰੂਪ ਚ ਲਾਗੂ ਕਰੋ। ਪਰੰਤੂ ਜੇਕਰ ਸਰਕਾਰ ਵੱਲੋਂ 7 ਸਤੰਬਰ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਯੂਨੀਅਨ ਵੱਲੋਂ 8 ਸਤੰਬਰ ਨੂੰ ਸਿਹਤ ਮੰਤਰੀ ਪੰਜਾਬ ਜੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਉੱਥੇ ਹੀ ਉਹਨਾਂ ਦੇ ਘਰ ਦੇ ਬਾਹਰ ਪੱਕਾ ਧਰਨਾ ਲਗਾਇਆ ਜਾਵੇਗਾ। ਉਸ ਤੋਂ ਬਾਅਦ 15 ਸਤੰਬਰ ਨੂੰ ਵਿੱਤ ਮੰਤਰੀ ਪੰਜਾਬ ਜੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਉਸ ਤੋ ਬਾਅਦ ਮੁੱਖ ਮੰਤਰੀ ਦੇ ਦਫਤਰ ਦਾ ਧੂਰੀ ਵਿਖੇ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਜਨਰਲ ਸਕੱਤਰ ਰਾਮ ਸਿੰਘ ਕਪੂਰਥਲਾ ਅਤੇ ਅਮਨਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਨੂੰ ਹਮਦਰਦੀ ਨਾਲ ਐਨ ਐਚ ਐਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵਿਚਾਰਨਾ ਚਾਹੀਦਾ ਹੈ ਜੋ ਕਿ ਨਿਗੂਣੀਆਂ ਤਨਖਾਹਾਂ ਤੇ ਸਿਹਤ ਵਰਗੀਆਂ ਜ਼ਰੂਰਰੀ ਸੇਵਾਵਾਂ ਦੇ ਰਹੇ ਹਨ। ਉਹਨਾਂ ਕਿਹਾ ਮੁਲਾਜ਼ਮਾਂ ਚ ਸਰਕਾਰ ਪ੍ਰਤੀ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ ਇਸ ਸਾਡੀਆਂ ਹੱਕੀ ਮੰਗਾਂ ਨੂੰ ਸਰਕਾਰ ਤੁਰੰਤ ਪੂਰਾ ਕਰੇ।ਇਸ ਮੀਟਿੰਗ ਚ ਡਾਕਟਰ ਵਾਹਿਦ ਮਲੇਰਕੋਟਲਾ, ਸੁਖਜੀਤ ਸਿੰਘ ਰੋਪੜ, ਦਿਨੇਸ ਜੀ ਪਟਿਆਲਾ, ਜਸਬੀਰ ਜੀ ਬਰਨਾਲਾ, ਗੁਲਸ਼ਨ ਜੀ ਫਰੀਦਕੋਟ, ਡਾਕਟਰ ਪੰਖੜੀ ਜਲੰਧਰ, ਡਾਕਟਰ ਸ਼ਿਵਰਾਜ ਲੁਧਿਆਣਾ, ਰਵਿੰਦਰ ਫਜਲਿਕਾ, ਦਵਿੰਦਰ ਬਰਨਾਲਾ, ਡਾਕਟਰ ਜਤਿੰਦਰ ਫਗਵਾੜਾ, ਡਾ ਤਰੁਣ ਹੁਸ਼ਿਆਰਪੁਰ, ਰਣਜੀਤ ਕੋਰ ਬਠਿੰਡਾ ਅਤੇ ਗੁਰਦਾਸਪੁਰ ਤੋ ਕੁਝ ਸਾਥੀ ਹਾਜਰ ਸਨ।