ਮੌਮਸ: ਪੰਜਾਬ ‘ਚ ਅੱਜ ਆਰੇਂਜ ਤੇ ਯੈਲੋ ਅਲਰਟ, ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਦੀ ਸੰਭਾਵਨਾ

ਮੌਮਸ: ਪੰਜਾਬ 'ਚ ਅੱਜ ਆਰੇਂਜ ਤੇ ਯੈਲੋ ਅਲਰਟ, ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਦੀ ਸੰਭਾਵਨਾTLT NEWS/ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਅੱਜ ਮੌਸਮ ਨੂੰ ਲੈ ਆਰੇਂਜ ਤੇ ਯੈਲੋ ਜਾਰੀ ਕੀਤਾ ਗਿਆ ਹੈ। ਸੂਬੇ ਦੇ 9 ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ (ਮੋਹਾਲੀ) ‘ਚ ਇੱਕਾ-ਦੁੱਕਾ ਥਾਵਾਂ ‘ਤੇ ਗਰਜ-ਚਮਕ, 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 4 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਅੰਮ੍ਰਿਤਸਰ, ਕਪੂਰਥਲਾ, ਜਲੰਧਰ ਤੇ ਸੰਗਰੂਰ ‘ਚ ਇੱਕਾ-ਦੁੱਕਾ ਥਾਵਾਂ ‘ਤੇ ਗਰਜ-ਚਮਕ ਦੇ ਨਾਲ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ (ਮੋਹਾਲੀ) ‘ਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਕਪੂਰਥਲਾ, ਜਲੰਧਰ ਤੇ ਸੰਗਰੂਰ ‘ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈ ਸਕਦੀ ਹੈ। ਉੱਥੇ ਹੀ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ‘ਚ ਇੱਕਾ-ਦੁੱਕਾ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

ਆਉਣ ਵਾਲੇ 3 ਦਿਨਾਂ ਦਾ ਮੌਸਮ

  • 16 ਅਕਤੂਬਰ ਨੂੰ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਹੈ। ਹਾਲਾਂਕਿ, ਇਸ ਦਿਨ 4 ਜ਼ਿਲ੍ਹਿਆਂ- ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
  • 17 ਅਕਤੂਬਰ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਹੈ। ਇਸ ਦਿਨ ਸਾਰੇ ਹੀ ਜ਼ਿਲ੍ਹਿਆਂ ‘ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
  • 18 ਅਕਤੂਬਰ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਹੈ ਤੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਰੋਪੜ ‘ਚ ਦਰਜ ਕੀਤਾ ਗਿਆ, ਜੋ ਕਿ 34.4 ਡਿਗਰੀ ਸੈਲਸੀਅਸ ਰਿਹਾ।