ਚੋਣਾਂ ਨੇੜੇ ਆਉਂਦਿਆਂ ਨਸ਼ਿਆਂ ਖ਼ਿਲਾਫ਼ ਮੀਟਿੰਗਾਂ ’ਤੇ ਉੱਠੇ ਸਵਾਲ, ਵਾਰਡ ਪੱਧਰ ’ਤੇ ਕਮੇਟੀਆਂ ਬਣਾਉਣ ਦੀ ਦਿੱਤੀ ਹਦਾਇਤ
ਜਲੰਧਰ (ਰਮੇਸ਼ ਗਾਬਾ) ਜਲੰਧਰ ਦੇ ਬਸਤੀ ਇਲਾਕੇ ਵਿੱਚ ਨਸ਼ਿਆਂ ਦੀ ਵਿਕਰੀ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਖੇਡਾਂ ਦਾ ਸਾਮਾਨ ਬਣਾਉਣ ਲਈ ਮਸ਼ਹੂਰ ਇਸ ਇਲਾਕੇ ਵਿੱਚ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਨਸ਼ਿਆਂ ਦੀ ਵਿਕਰੀ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਬੀਤੇ ਸਮੇਂ ਦੌਰਾਨ ਇੱਥੋਂ ਨਸ਼ੀਲੇ ਕੈਪਸੂਲ ਅਤੇ ਨਕਲੀ ਸ਼ਰਾਬ ਫੜੇ ਜਾਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਨਸ਼ਿਆਂ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲਿਆਂ ਨੇ ਵੀ ਲੋਕਾਂ ਦੀ ਚਿੰਤਾ ਵਧਾਈ ਹੈ।
ਇਸ ਦੌਰਾਨ ਚੋਣਾਂ ਨੇੜੇ ਆਉਂਦਿਆਂ ਸਥਾਨਕ ਸਿਆਸੀ ਆਗੂਆਂ ਵੱਲੋਂ ਨਸ਼ਿਆਂ ਖ਼ਿਲਾਫ਼ ਮੀਟਿੰਗਾਂ ਕਰਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਅਤੇ ਸਿਆਸੀ ਆਗੂਆਂ ਦੀ ਭੂਮਿਕਾ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ।
ਇਸੇ ਤਹਿਤ ਜਲੰਧਰ ਦੇ ਮਾਡਲ ਹਾਊਸ ਸਥਿਤ ਵਾਰਡ ਨੰਬਰ 43 ਵਿੱਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੀ ਅਗਵਾਈ ਹੇਠ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਇੱਕ ਅਹਿਮ ਮੀਟਿੰਗ ਕੀਤੀ ਗਈ। ਮਾਂ ਲਕਸ਼ਮੀ ਮੰਦਰ ਦੇ ਸਾਹਮਣੇ ਦੁਸਹਿਰਾ ਗਰਾਊਂਡ ਵਿੱਚ ਹੋਈ ਇਸ ਮੀਟਿੰਗ ਦੌਰਾਨ ਇਲਾਕੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਾਰਡ ਪੱਧਰ ’ਤੇ ਕਮੇਟੀਆਂ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਨਸ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਗੰਭੀਰ ਖ਼ਤਰਾ : ਮੋਹਿੰਦਰ ਭਗਤ
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਗੰਭੀਰ ਖ਼ਤਰਾ ਬਣ ਚੁੱਕਾ ਹੈ। ਇਸ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਕਜੁੱਟ ਹੋ ਕੇ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦਿਓ
ਮੰਤਰੀ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਇਲਾਕੇ ਵਿੱਚ ਨਸ਼ਾ ਵੇਚਣ ਜਾਂ ਨਸ਼ਿਆਂ ਦੀ ਵਰਤੋਂ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਮੀਟਿੰਗ ਦੌਰਾਨ ਵਾਰਡ ਪੱਧਰ ’ਤੇ ਨਿਗਰਾਨ ਕਮੇਟੀਆਂ ਬਣਾਉਣ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੀ ਰਣਨੀਤੀ ’ਤੇ ਵੀ ਚਰਚਾ ਹੋਈ।
ਵਾਰਡ ਨੰਬਰ 43 ਨੂੰ ਨਸ਼ਾ ਮੁਕਤ ਬਣਾਉਣ ਦਾ ਲਿਆ ਸੰਕਲਪ
ਇਸ ਮੌਕੇ ਐੱਮ.ਸੀ. ਸੁਨੀਤਾ ਰਾਜੀਵ ਟਿੱਕਾ, ਐੱਨ.ਐੱਮ.ਐੱਮ. ਹਲਕਾ ਇੰਚਾਰਜ ਰਾਕੇਸ਼ ਰਾਣਾ ਅਤੇ ਹਲਕਾ ਵਾਈਸ ਇੰਚਾਰਜ ਸੰਜੀਵ ਕੁਮਾਰ ਅੰਗੁਰਾਲ ਸਮੇਤ ਕਈ ਸਿਆਸੀ ਅਤੇ ਸਮਾਜਿਕ ਆਗੂ ਮੌਜੂਦ ਰਹੇ। ਸਾਰਿਆਂ ਨੇ ਇਕਜੁੱਟ ਹੋ ਕੇ ਵਾਰਡ ਨੰਬਰ 43 ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਲਿਆ।
ਦੂਜੇ ਪਾਸੇ, ਨਸ਼ਿਆਂ ਦੇ ਮੁੱਦੇ ’ਤੇ ਹੋ ਰਹੀਆਂ ਇਨ੍ਹਾਂ ਮੀਟਿੰਗਾਂ ਦੇ ਨਾਲ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਲੰਬੇ ਸਮੇਂ ਤੋਂ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਇਲਾਕਿਆਂ ਵਿੱਚ ਜ਼ਮੀਨੀ ਪੱਧਰ ’ਤੇ ਕਿੰਨੀ ਤਬਦੀਲੀ ਆਵੇਗੀ। ਹੁਣ ਦੇਖਣਾ ਹੋਵੇਗਾ ਕਿ ਵਾਰਡ ਪੱਧਰ ’ਤੇ ਬਣਨ ਵਾਲੀਆਂ ਕਮੇਟੀਆਂ ਨਸ਼ਿਆਂ ਦੀ ਰੋਕਥਾਮ ਵਿੱਚ ਕਿੰਨੀਆਂ ਕਾਰਗਰ ਸਾਬਤ ਹੁੰਦੀਆਂ ਹਨ

More Stories
ਮੈਡ ਸੰਧੂ ਕਤਲ ਕਾਂਡ ‘ਚ ਵੱਡੀ ਸਫਲਤਾ, ਮੁੰਬਈ ਤੋਂ ਮੁੱਖ ਮੁਲਜ਼ਮ ਗ੍ਰਿਫ਼ਤਾਰ; 3 ਪਿਸਤੌਲ ਤੇ 11 ਕਾਰਤੂਸ ਬਰਾਮਦ
ਜਲੰਧਰ ਕਾਂਗਰਸ ਭਵਨ ਤੇ ਚੱਲੇਗਾ ਪੀਲਾ ਪੰਜਾ, ਨਗਰ ਨਿਗਮ ਨੂੰ ਗ਼ੈਰ-ਕਾਨੂੰਨੀ ਉਸਾਰੀ ਡੇਗਣ ਦੇ ਕੋਰਟ ਵੱਲੋ ਹੁਕਮ
ਐਮ.ਜੀ.ਐਨ. ਪਬਲਿਕ ਸਕੂਲ ਵਿਖੇ ‘ਹੁਨਰ ਵਿਕਾਸ’ ਵਿਸ਼ੇ ’ਤੇ ਸੀ.ਬੀ.ਐਸ.ਈ. ਵਰਕਸ਼ਾਪ ਕਰਵਾਈ