ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਹਵਨ ਅਤੇ ਪ੍ਰਾਰਥਨਾ ਨਾਲ ਨਵੇਂ ਸਾਲ 2026 ਦਾ ਸਵਾਗਤ

ਵਿਸ਼ਵ ਸ਼ਾਂਤੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਪਾਈਆਂ ਆਹੁਤੀਆਂ; ਪੇਮਾ ਪ੍ਰਧਾਨ ਸੁਰਿੰਦਰ ਪਾਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਜਲੰਧਰ (ਰਮੇਸ਼ ਗਾਬਾ) ‘ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ’ ਵੱਲੋਂ ਅੱਜ ਨਵੇਂ ਸਾਲ 2026 ਦਾ ਸਵਾਗਤ ਬਹੁਤ ਹੀ ਅਧਿਆਤਮਿਕ ਅਤੇ ਉਤਸ਼ਾਹਪੂਰਵਕ ਤਰੀਕੇ ਨਾਲ ਕੀਤਾ ਗਿਆ। ਐਸੋਸੀਏਸ਼ਨ ਦੇ ਨਿਊ ਜਵਾਹਰ ਨਗਰ (ਨੇੜੇ ਗੁਰੂ ਨਾਨਕ ਮਿਸ਼ਨ ਚੌਕ) ਸਥਿਤ ਦਫ਼ਤਰ ਵਿਖੇ ਇੱਕ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਸਾਲ ਦੇ ਮੌਕੇ ‘ਤੇ ਵਿਸ਼ਵ ਭਰ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕਰਨਾ ਸੀ।
ਇਸ ਸ਼ੁਭ ਮੌਕੇ ‘ਤੇ ਪੇਮਾ ਪ੍ਰਧਾਨ ਸੁਰਿੰਦਰ ਪਾਲ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਾਰਿਆਂ ਨੇ ਇੱਕ-ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਹੈਪੀ ਨੇ ਸਮੂਹ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ: “ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਲ 2026 ਸਮੂਹ ਭਾਰਤ ਵਾਸੀਆਂ ਅਤੇ ਫੋਟੋਗ੍ਰਾਫਰ ਭਾਈਚਾਰੇ ਲਈ ਖੁਸ਼ੀਆਂ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ। ਅੱਜ ਦੇ ਇਸ ਹਵਨ ਰਾਹੀਂ ਅਸੀਂ ਨਾ ਸਿਰਫ਼ ਆਪਣੇ ਪੇਸ਼ੇਵਰ ਸਾਥੀਆਂ ਲਈ, ਸਗੋਂ ਪੂਰੀ ਦੁਨੀਆ ਵਿੱਚ ਸ਼ਾਂਤੀ ਦੀ ਮੰਗਲ ਕਾਮਨਾ ਕੀਤੀ ਹੈ।” ਹਵਨ ਦੀ ਪੂਰਨ ਆਹੁਤੀ ਤੋਂ ਬਾਅਦ ਸਾਰੇ ਮੈਂਬਰਾਂ ਨੇ ਨਵੇਂ ਸਾਲ ਵਿੱਚ ਇੱਕਜੁੱਟਤਾ ਨਾਲ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਥਾਪਾ (ਮਹਾਂਸਕੱਤਰ), ਸੁਰਿੰਦਰ ਬੇਰੀ ਅਤੇ ਰਮੇਸ਼ ਗਾਬਾ (ਸਾਬਕਾ ਪ੍ਰਧਾਨ), ਬਲਦੇਵ ਕਿਸ਼ਨ (ਖ਼ਜ਼ਾਨਚੀ), ਸੁਰਿੰਦਰ ਵਰਮਾ, ਤ੍ਰਿਲੋਕ ਚੁੱਘ (ਮੀਤ ਪ੍ਰਧਾਨ) ਅਤੇ ਐਸੋਸੀਏਸ਼ਨ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।