ਜਲੰਧਰ ’ਚ ਹਰਿਆਵਲ ’ਤੇ ਚੱਲੀ ਕੁਹਾੜੀ: 20 ਵਿਰਾਸਤੀ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ, CM ਮਾਨ ਤੱਕ ਪਹੁੰਚੀ ਸ਼ਿਕਾਇਤ

ਜਲੰਧਰ(ਰਮੇਸ਼ ਗਾਬਾ): ਸ਼ਹਿਰ ਵਿੱਚ ਵਾਤਾਵਰਣ ਨੂੰ ਤਾਕ ’ਤੇ ਰੱਖ ਕੇ ਦਰੱਖਤਾਂ ਦੀ ਨਾਜਾਇਜ਼ ਕਟਾਈ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਸਮਾਜਿਕ ਅਤੇ ਵਾਤਾਵਰਣ ਕਾਰਕੁਨ ਤੇਜਸਵੀ ਮਿਨਹਾਸ ਨੇ ਦੋ ਵੱਖ-ਵੱਖ ਥਾਵਾਂ ’ਤੇ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਅਤੇ ਉਨ੍ਹਾਂ ਨੂੰ ਵੇਚਣ ਦੇ ਦੋਸ਼ ਹੇਠ ਸਖ਼ਤ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦੇਣ ਦੇ ਨਾਲ-ਨਾਲ ਇਸ ਦੀਆਂ ਕਾਪੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੂੰ ਵੀ ਭੇਜੀਆਂ ਗਈਆਂ ਹਨ।

ਮਾਮਲਾ 1: ਸਜਾਵਟੀ ਲਾਈਟਾਂ ਲਈ ‘ਬਲੀ’ ਚੜ੍ਹੇ 20 ਵਿਰਾਸਤੀ ਦਰੱਖਤ
ਸ਼ਿਕਾਇਤ ਅਨੁਸਾਰ, ਜੀ.ਟੀ.ਬੀ. ਨਗਰ (GTB Nagar) ਸਥਿਤ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ‘ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਸੜਕ ਦੇ ਡਿਵਾਈਡਰ ‘ਤੇ ਲੱਗੇ 20 ਤੋਂ ਵੱਧ ਵਿਰਾਸਤੀ (Heritage) ਦਰੱਖਤਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕਟਵਾ ਦਿੱਤਾ।

ਕਾਰਨ: ਦੱਸਿਆ ਜਾ ਰਿਹਾ ਹੈ ਕਿ ਇਹ ਦਰੱਖਤ ਸਿਰਫ਼ ਸਜਾਵਟੀ ਲਾਈਟਾਂ ਲਗਾਉਣ ਦੇ ਰਸਤੇ ਵਿੱਚ ਆ ਰਹੇ ਸਨ।

ਮੌਜੂਦਾ ਸਥਿਤੀ: ਤੇਜਸਵੀ ਮਿਨਹਾਸ ਮੁਤਾਬਕ ਦਰੱਖਤਾਂ ਦੀ ਹਾਲਤ ਅਜਿਹੀ ਕਰ ਦਿੱਤੀ ਗਈ ਹੈ ਕਿ ਹੁਣ ਉੱਥੇ ਸਿਰਫ਼ ਛੋਟੇ-ਛੋਟੇ ਮੁੱਢ (stubs) ਹੀ ਬਾਕੀ ਰਹਿ ਗਏ ਹਨ।

ਮਾਮਲਾ 2: ਮਾਡਲ ਟਾਊਨ ’ਚ ਸਾਗਵਾਨ ਦੇ ਦਰੱਖਤਾਂ ’ਤੇ ਕੁਹਾੜੀ
ਦੂਜਾ ਮਾਮਲਾ ਮਾਡਲ ਟਾਊਨ ਦੇ ਰੇਨਬੋ ਰੋਡ ਦਾ ਹੈ। ਇੱਥੇ ਇੱਕ ਨਿਰਮਾਣ ਅਧੀਨ ਕਮਰਸ਼ੀਅਲ ਇਮਾਰਤ ਦੇ ਮਾਲਕ ‘ਤੇ ਪੁਰਾਣੀ ਪਲਾਂਟੇਸ਼ਨ ਦਾ ਹਿੱਸਾ ਰਹੇ ਦੋ ਵੱਡੇ ਸਾਗਵਾਨ (Teak) ਦੇ ਦਰੱਖਤ ਕੱਟਣ ਦੇ ਦੋਸ਼ ਲੱਗੇ ਹਨ। ਪਲਾਟ ਮਾਲਕ ਦੇ ਨਿਰਦੇਸ਼ਾਂ ‘ਤੇ ਮੁੱਖ ਤਣੇ ਨੂੰ ਛੱਡ ਕੇ ਬਾਕੀ ਪੂਰਾ ਦਰੱਖਤ ਕੱਟ ਕੇ ਹਟਾ ਦਿੱਤਾ ਗਿਆ ਹੈ।

ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਵਾਤਾਵਰਣ ਕਾਰਕੁਨ ਤੇਜਸਵੀ ਮਿਨਹਾਸ ਨੇ ਮੰਗ ਕੀਤੀ ਹੈ ਕਿ:

ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਅਤੇ ਉਨ੍ਹਾਂ ਦੀ ਵਿਕਰੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।

ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਿਲਡਿੰਗ ਮਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ।

ਨਗਰ ਨਿਗਮ ਇਹ ਸਪੱਸ਼ਟ ਕਰੇ ਕਿ ਕੀ ਇਨ੍ਹਾਂ ਦਰੱਖਤਾਂ ਨੂੰ ਕੱਟਣ ਲਈ ਕੋਈ ਅਧਿਕਾਰਤ ਮਨਜ਼ੂਰੀ ਲਈ ਗਈ ਸੀ।