ਫਿਰ ਵਧਣ ਲੱਗੀਆਂ ਸਾਬਣ, ਸ਼ੈਂਪੂ-ਤੇਲ ਸਮੇਤ ਰੋਜ਼ਾਨਾ ਦੀਆਂ ਚੀਜ਼ਾਂ ਦੀਆਂ ਕੀਮਤਾਂ; ਡਾਬਰ-HUL ਨੇ ਕੀਤਾ ਵਾਧਾ, ਕੀ ਹੈ ਕਾਰਨ?

TLT NEWS/ਨਵੀਂ ਦਿੱਲੀ। ਪਿਛਲੇ ਸਾਲ ਜਨਤਾ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਜੀਐਸਟੀ ਦਰਾਂ ਵਿੱਚ ਕਟੌਤੀ (GST 2.0 Reforms) ਕੀਤੀ ਸੀ। ਉਸ ਸਮੇਂ ਜੀਐਸਟੀ ਘਟਣ ਕਾਰਨ ਕੰਪਨੀਆਂ ਨੇ ਸਾਬਣ ਅਤੇ ਤੇਲ ਵਰਗੇ ਰੋਜ਼ਾਨਾ ਵਰਤੋਂ ਦੇ ਉਤਪਾਦ ਸਸਤੇ ਕਰ ਦਿੱਤੇ ਸਨ। ਪਰ ਹੁਣ ਸਥਿਤੀ ਬਦਲ ਰਹੀ ਹੈ। ਐਫਐਮਸੀਜੀ (FMCG) ਕੰਪਨੀਆਂ ਨੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦਾ ਵੱਡਾ ਅਤੇ ਅਹਿਮ ਕਾਰਨ ਇਨਪੁਟ ਲਾਗਤ (ਲਾਗਤ ਖਰਚਾ) ਵਿੱਚ ਹੋਇਆ ਵਾਧਾ ਹੈ। ਇਸੇ ਕਾਰਨ ਉਪਭੋਗਤਾ ਵਸਤਾਂ ਦੀਆਂ ਕੀਮਤਾਂ ਵਿੱਚ 5 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਐਫਐਮਸੀਜੀ ਕੰਪਨੀਆਂ ਕਿਉਂ ਵਧਾ ਰਹੀਆਂ ਹਨ ਕੀਮਤਾਂ?

ਮੀਡੀਆ ਰਿਪੋਰਟਾਂ ਅਨੁਸਾਰ, ਐਫਐਮਸੀਜੀ ਕੰਪਨੀਆਂ ਦਾ ਕਹਿਣਾ ਹੈ ਕਿ ਜਦੋਂ ਜੀਐਸਟੀ ਵਿੱਚ ਕਟੌਤੀ ਹੋਈ ਸੀ, ਤਾਂ ਉਤਪਾਦਾਂ ਦੀਆਂ ਕੀਮਤਾਂ ਸਥਿਰ ਰਹੀਆਂ ਜਾਂ ਉਨ੍ਹਾਂ ਵਿੱਚ ਕਮੀ ਕੀਤੀ ਗਈ ਸੀ। ਪਰ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਅਤੇ ਵਿਸ਼ਵ ਬਾਜ਼ਾਰ ਵਿੱਚ ਕੱਚੇ ਮਾਲ ਦੇ ਮਹਿੰਗੇ ਹੋਣ ਕਾਰਨ ਇਨ੍ਹਾਂ ਕੰਪਨੀਆਂ ਦੀ ਇਨਪੁਟ ਲਾਗਤ ਵਧ ਗਈ ਹੈ, ਜਿਸ ਦੇ ਨਤੀਜੇ ਵਜੋਂ ਹੁਣ ਉਹ ਇਸ ਦਾ ਬੋਝ ਗਾਹਕਾਂ ‘ਤੇ ਪਾ ਰਹੀਆਂ ਹਨ।

ਇਨ੍ਹਾਂ ਚੀਜ਼ਾਂ ਦੀ ਵਿਕਰੀ ’ਚ ਹੋਇਆ ਵਾਧਾ

ਮੀਡੀਆ ਰਿਪੋਰਟਾਂ ਅਨੁਸਾਰ ਬਹੁਤ ਸਾਰੇ ਉਤਪਾਦ ਹੁਣ ਮਹਿੰਗੀਆਂ ਅਤੇ ਵਧੀਆਂ ਹੋਈਆਂ ਕੀਮਤਾਂ ਦੇ ਨਾਲ ਦੁਕਾਨਾਂ ਵਿੱਚ ਪਹੁੰਚ ਰਹੇ ਹਨ, ਜਿਨ੍ਹਾਂ ਵਿੱਚ ਡਿਟਰਜੈਂਟ ਦੇ ਨਾਲ-ਨਾਲ ਹੇਅਰ ਆਇਲ, ਚਾਕਲੇਟ, ਨੂਡਲਜ਼ ਅਤੇ ਅਨਾਜ ਉਤਪਾਦ ਆਦਿ ਸ਼ਾਮਲ ਹਨ। ਉਂਝ ਜੀਐਸਟੀ ਕਟੌਤੀ ਨਾਲ ਕੰਪਨੀਆਂ ਦੀ ਵਿਕਰੀ ਵਧੀ ਹੈ। ਬਿਸਕੁਟ, ਸਨੈਕਸ ਫੂਡ ਅਤੇ ਨੂਡਲਜ਼ ਵਰਗੇ ਉਤਪਾਦਾਂ ਦੀ ਵਿਕਰੀ ਵਿੱਚ ਜੀਐਸਟੀ ਦੀ ਕਟੌਤੀ ਕਾਰਨ 6 ਫੀਸਦੀ ਦੀ ਸਾਲਾਨਾ ਗਰੋਥ ਹੋਈ ਹੈ।

ਡਾਬਰ ਨੇ ਕੀਮਤਾਂ ਵਿੱਚ ਕਿੰਨਾ ਕੀਤਾ ਵਾਧਾ?

ਮੀਡੀਆ ਰਿਪੋਰਟਾਂ ਅਨੁਸਾਰ ਡਾਬਰ ਇੰਡੀਆ ਚਾਲੂ ਵਿੱਤੀ ਸਾਲ ਯਾਨੀ 2025-26 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਵਿੱਚ ਦੋ ਫੀਸਦੀ ਤੱਕ ਕੀਮਤਾਂ ਵਧਾ ਰਹੀ ਹੈ। ਉੱਥੇ ਹੀ ਟਾਟਾ ਕੰਜ਼ਿਊਮਰ ਪ੍ਰੋਡਕਟਸ ਵੀ ਚਾਲੂ ਤਿਮਾਹੀ ਵਿੱਚ ਜ਼ਿਆਦਾ ਵਾਧੇ ਦਾ ਬੋਝ ਗਾਹਕਾਂ ‘ਤੇ ਪਾ ਚੁੱਕੀ ਹੈ।

ਹਿੰਦੁਸਤਾਨ ਯੂਨੀਲੀਵਰ ਕੀ-ਕੀ ਕਰੇਗੀ ਮਹਿੰਗਾ?

ਹਿੰਦੁਸਤਾਨ ਯੂਨੀਲੀਵਰ (HUL) ਅਨੁਸਾਰ ਹੋਮ ਕੇਅਰ ਉਤਪਾਦਾਂ ਦੀਆਂ ਕੀਮਤਾਂ ਜਲਦੀ ਹੀ ਵਧਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵੱਧ ਕੀਮਤਾਂ ਵਾਲੇ ਕੁਝ ਪੈਕੇਟ ਪਹਿਲਾਂ ਹੀ ਮਾਰਕੀਟ ਵਿੱਚ ਆ ਗਏ ਹਨ। ਕੰਪਨੀ ਜਿਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵਧਾ ਰਹੀ ਹੈ, ਉਨ੍ਹਾਂ ਵਿੱਚ ਸਰਫ ਐਕਸਲ, ਰਿਨ, ਵਿਮ ਅਤੇ ਡੋਮੈਕਸ ਵਰਗੇ ਪ੍ਰਸਿੱਧ ਉਤਪਾਦ ਸ਼ਾਮਲ ਹਨ।