ਨਵੀਂ ਦਿੱਲੀ TLT NEWS/ ਭਾਰਤੀ ਝੰਡੇ ਵਾਲੇ ਦੋ ਹੋਰ LPG ਟੈਂਕਰ ਜੰਗ ਪ੍ਰਭਾਵਿਤ ਸਟ੍ਰੇਟ ਆਫ਼ ਹੋਰਮੁਜ਼ (Strait of Hormuz) ਵਿੱਚੋਂ ਸੁਰੱਖਿਅਤ ਬਾਹਰ ਨਿਕਲ ਗਏ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਦੋ ਦਿਨਾਂ ਵਿੱਚ ਇਹ ਭਾਰਤ ਦੇ ਤੱਟਾਂ ‘ਤੇ ਪਹੁੰਚ ਜਾਣਗੇ। ਹਾਲਾਂਕਿ, ਇਹਨਾਂ ਵਿੱਚ ਦੇਸ਼ ਦੀ ਕੁਕਿੰਗ ਗੈਸ ਦੀ ਲਗਭਗ ਸਿਰਫ਼ ਇੱਕ ਦਿਨ ਦੀ ਸਪਲਾਈ ਹੈ। ਯਾਨੀ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਜਿੰਨੀ ਐਲਪੀਜੀ ਦੀ ਖਪਤ ਹੁੰਦੀ ਹੈ, ਇਹਨਾਂ ਜਹਾਜ਼ਾਂ ‘ਤੇ ਓਨੀ ਹੀ ਗੈਸ ਮੌਜੂਦ ਹੈ।
ਕਿੰਨੀ LPG ਲਿਆ ਰਹੇ ਹਨ ਦੋਵੇਂ ਜਹਾਜ਼?
ਮੀਡੀਆ ਰਿਪੋਰਟਾਂ ਅਤੇ ਜਹਾਜ਼ ਟ੍ਰੈਕਿੰਗ ਡੇਟਾ ਅਨੁਸਾਰ, ਐਲਪੀਜੀ ਟੈਂਕਰ ‘ਪਾਈਨ ਗੈਸ’ ਤੇ ‘ਜਗ ਵਸੰਤ’ ਇੱਕ-ਦੂਜੇ ਦੇ ਨੇੜੇ ਚੱਲਦੇ ਹੋਏ, ਸੋਮਵਾਰ ਸਵੇਰੇ ਫਾਰਸ ਦੀ ਖਾੜੀ ਤੋਂ ਰਵਾਨਾ ਹੋਏ ਅਤੇ ਫਿਰ ਸਟ੍ਰੇਟ ਆਫ਼ ਹੋਰਮੁਜ਼ ਨੂੰ ਸੁਰੱਖਿਅਤ ਪਾਰ ਕੀਤਾ।
ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨਹਾ ਅਨੁਸਾਰ, ਦੋਵੇਂ ਜਹਾਜ਼ 92,612 ਟਨ ਐਲਪੀਜੀ ਲੈ ਕੇ ਆ ਰਹੇ ਹਨ। ਇੰਨੀ ਗੈਸ ਨਾਲ ਘਰੇਲੂ ਵਰਤੋਂ ਵਾਲੇ ਲਗਪਗ 65.21 ਲੱਖ ਸਿਲੰਡਰ ਭਰੇ ਜਾ ਸਕਦੇ ਹਨ।
ਕਦੋਂ ਤੱਕ ਪਹੁੰਚਣਗੇ ਭਾਰਤ?
ਇਹਨਾਂ ਦੋਵਾਂ ਟੈਂਕਰਾਂ ਦੇ 26 ਮਾਰਚ ਤੋਂ 28 ਮਾਰਚ ਦੇ ਵਿਚਕਾਰ ਭਾਰਤੀ ਬੰਦਰਗਾਹਾਂ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਅਨੁਸਾਰ, ਇਹਨਾਂ ਜਹਾਜ਼ਾਂ ‘ਤੇ ਲੜੀਵਾਰ 33 ਅਤੇ 27 ਭਾਰਤੀ ਨਾਵਿਕ ਸਵਾਰ ਹਨ। ਇਹ ਦੋਵੇਂ ਜਹਾਜ਼ ਉਹਨਾਂ 22 ਭਾਰਤੀ ਜਹਾਜ਼ਾਂ ਵਿੱਚੋਂ ਹਨ, ਜੋ ਪੱਛਮੀ ਏਸ਼ੀਆ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਫਾਰਸ ਦੀ ਖਾੜੀ ਵਿੱਚ ਫਸ ਗਏ ਸਨ।
ਇਸ ਜੰਗ ਦੇ ਕਾਰਨ ‘ਸਟ੍ਰੇਟ ਆਫ਼ ਹੋਰਮੁਜ਼’ — ਈਰਾਨ ਅਤੇ ਓਮਾਨ ਦੇ ਵਿਚਕਾਰ ਉਹ ਤੰਗ ਸਮੁੰਦਰੀ ਰਸਤਾ ਜੋ ਤੇਲ ਅਤੇ ਗੈਸ ਉਤਪਾਦਕ ਖਾੜੀ ਦੇਸ਼ਾਂ ਨੂੰ ਬਾਕੀ ਦੁਨੀਆ ਨਾਲ ਜੋੜਦਾ ਹੈ — ਲਗਭਗ ਬੰਦ ਹੋ ਗਿਆ ਸੀ।
ਕੁੱਲ ਕਿੰਨੇ ਜਹਾਜ਼ ਮੌਜੂਦ ਸਨ?
ਸ਼ੁਰੂ ਵਿੱਚ, ਜਦੋਂ ਪੱਛਮੀ ਏਸ਼ੀਆ ਵਿੱਚ ਈਰਾਨ ਉੱਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਜੰਗ ਛਿੜੀ, ਉਦੋਂ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਭਾਰਤੀ ਝੰਡੇ ਵਾਲੇ 28 ਜਹਾਜ਼ ਮੌਜੂਦ ਸਨ। ਇਹਨਾਂ ਵਿੱਚੋਂ 24 ਜਹਾਜ਼ ਸਟ੍ਰੇਟ ਦੇ ਪੱਛਮੀ ਹਿੱਸੇ ਵਿੱਚ ਸਨ ਅਤੇ ਚਾਰ ਪੂਰਬੀ ਹਿੱਸੇ ਵਿੱਚ। ਪਿਛਲੇ ਕੁਝ ਦਿਨਾਂ ਵਿੱਚ, ਦੋਵਾਂ ਪਾਸਿਆਂ ਤੋਂ ਦੋ-ਦੋ ਜਹਾਜ਼ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਰਹੇ ਹਨ।

More Stories
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਦਿੱਲੀ: ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਦਾ ਐਨਕਾਊਂਟਰ ਦੌਰਾਨ ਕਾਬੂ, ਦੋ ਹਾਲੇ ਵੀ ਫ਼ਰਾਰ