ਲੰਬੇ ਸਮੇਂ ਤੱਕ ਰਹਿਣਗੇ ਜੰਗ ਦੇ ਮਾ਼ੜੇ ਪ੍ਰਭਾਵ, ਹਰ ਚੁਣੌਤੀ ਲਈ ਰਹਿਣਾ ਪਵੇਗਾ ਤਿਆਰ : PM ਨੇ ਦੇਸ਼ ਵਾਸੀਆਂ ਨੂੰ ਦਿੱਤਾ ਭਰੋਸਾ ਕਿ ਸਰਕਾਰ ਚੌਕਸ ਤੇ ਤਤਪਰ

ਨਵੀਂ ਦਿੱਲੀ: tLT NEWS/ ਸੰਸਦ ’ਚ ਪੱਛਮੀ ਏਸ਼ੀਆ ਸੰਕਟ ’ਤੇ ਰਾਜ ਸਭਾ ’ਚ ਬਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਜੰਗ ਨੇ ਪੂਰੀ ਦੁਨੀਆ ’ਚ ਗੰਭੀਰ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਭਾਰਤ ਲਈ ਵੀ ਇਹ ਸਥਿਤੀ ਚਿੰਤਾਜਨਕ ਹੈ। ਸਾਡੇ ਵਪਾਰ ਦੇ ਰਸਤੇ ਪ੍ਰਭਾਵਿਤ ਹੋ ਰਹੇ ਹਨ। ਇਸ ਨਾਲ ਪੈਟਰੋਲ, ਡੀਜ਼ਲ, ਗੈਸ ਤੇ ਫਰਟੀਲਾਈਜ਼ਰ ਵਰਗੇ ਜ਼ਰੂਰੀ ਸਾਮਾਨ ਦੀ ਨਿਯਮਤ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਜੰਗ ਦੇ ਮਾੜੇ ਪ੍ਰਭਾਵ ਲੰਬੇ ਸਮੇਂ ਤੱਕ ਰਹਿਣ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਹਰ ਚੁਣੌਤੀ ਲਈ ਤਿਆਰ ਰਹਿਣਾ ਪਵੇਗਾ।

ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਚੌਕਸ ਹੈ, ਤਤਪਰ ਹੈ ਤੇ ਪੂਰੀ ਗੰਭੀਰਤਾ ਨਾਲ ਰਣਨੀਤੀ ਬਣਾ ਰਹੀ ਹੈ, ਹਰ ਫ਼ੈਸਲਾ ਲੈ ਰਹੀ ਹੈ। ਦੇਸ਼ ਦੀ ਜਨਤਾ ਦਾ ਹਿੱਤ ਸਰਕਾਰ ਲਈ ਸਭ ਤੋਂ ਉੱਪਰ ਹੈ।

ਜੰਗ ਦੇ ਲਗਪਗ 25 ਦਿਨ ਹੋ ਚੁੱਕੇ ਹਨ ਤੇ ਭਾਰਤ ਨੇ ਖੁਦ ਨੂੰ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਸੰਭਾਲ ਰੱਖਿਆ ਹੈ। ਅਗਲੇ ਇਕ ਪੰਦਰਵਾੜੇ ਤੱਕ ਭਾਰਤ ਇਸਦੇ ਅਸਰ ਨੂੰ ਹਰ ਤਰ੍ਹਾਂ ਨਾਲ ਰੋਕੇ ਰੱਖਣ ਲਈ ਤਿਆਰ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਇਸਦਾ ਅਸਰ ਦਿਸ ਸਕਦਾ ਹੈ। ਇਸ ਹਾਲਤ ’ਚ ਪ੍ਰਧਾਨ ਮੰਤਰੀ ਨੇ ਹਾਲਾਤ ਸਮਝਾਉਂਦੇ ਹੋਏ ਕਿਹਾ ਕਿ ਹੋਰਮੁਜ਼ ਸਟ੍ਰੇਟ ਵਿਸ਼ਵ ਵਪਾਰ ਦੇ ਸਭ ਤੋਂ ਵੱਡੇ ਰੂਟ ’ਚੋਂ ਇਕ ਹੈ। ਖਾਸ ਤੌਰ ’ਤੇ ਕੱਚੇ ਤੇਲ, ਗੈਸ ਤੇ ਫਰਟੀਲਾਈਜ਼ਰ ਨਾਲ ਜੁੜੀ ਟਰਾਂਸਪੋਰਟ ਇਸ ਖੇਤਰ ਤੋਂ ਬਹੁਤ ਵੱਡੀ ਮਾਤਰਾ ’ਚ ਹੁੰਦੀ ਹੈ। ਜੰਗ ਤੋਂ ਬਾਅਦ ਤੋਂ ਹੋਰਮੁਜ਼ ਸਟ੍ਰੇਟ ’ਚ ਜਹਾਜ਼ਾਂ ਦਾ ਆਉਣਾ-ਜਾਣਾ ਬਹੁਤ ਚੁਣੌਤੀਪੂਰਨ ਹੋ ਗਿਆ ਹੈ, ਪਰ ਮਾੜਾ ਹਾਲਾਤ ਦੇ ਬਾਵਜੂਦ ਸਰਕਾਰ ਨੇ ਸੰਵਾਦ ਤੇ ਕੂਟਨੀਤੀ ਜ਼ਰੀਏ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਕੁਝ ਦਿਨਾਂ ’ਚ ਦੁਨੀਆ ਦੇ ਅਨੇਕ ਦੇਸ਼ਾਂ ਤੋਂ ਕੱਚਾ ਤੇਲ ਤੇ ਐੱਲਪੀਜੀ ਨਾਲ ਭਰੇ ਜਹਾਜ਼ ਭਾਰਤ ਆਏ ਹਨ। ਇਸ ਦਿਸ਼ਾ ’ਚ ਸਰਕਾਰ ਦੀ ਕੋਸ਼ਿਸ਼ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗੀ। ਸੰਕਟ ਨਾਲ ਨਜਿੱਠਣ ਦੀਆਂ ਭਾਰਤ ਦੀਆਂ ਤਿਆਰੀਆਂ ਦਾ ਵੇਰਵਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਜਿਹੇ ਸੰਕਟਾਂ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰ ਸਕੇ, ਇਸਦੇ ਲਈ ਪਿਛਲੇ 11 ਸਾਲਾਂ ’ਚ ਨਿਰੰਤਰ ਫ਼ੈਸਲੇ ਲਏ ਗਏ ਹਨ। ਊਰਜਾ ਦਰਾਮਦ ਦਾ ਵਿਭਿੰਨੀਕਰਨ ਅਜਹਿਆਂ ਹੀ ਕੋਸ਼ਿਸ਼ਾਂ ਦਾ ਹਿੱਸਾ ਹੈ। ਪਹਿਲਾਂ ਕੱਚਾ ਤੇਲ, ਐੱਲਐੱਨਜੀ ਤੇ ਐੱਲਪੀਜੀ ਦੀ 27 ਦੇਸ਼ਾਂ ਤੋਂ ਦਰਾਮਦ ਕੀਤੀ ਜਾਂਦੀ ਸੀ, ਜਦਕਿ ਅੱਜ 41 ਦੇਸ਼ਾਂ ਤੋਂ ਦਰਾਮਦ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੇ ਦਹਾਕੇ ’ਚ ਭਾਰਤ ਨੇ ਸੰਕਟ ਦੇ ਅਜਿਹੇ ਹੀ ਸਮੇਂ ਲਈ ਕੱਚੇ ਤੇਲ ਦੇ ਭੰਡਾਰਾਂ ਨੂੰ ਵੀ ਤਰਜੀਹ ਦਿੱਤੀ ਹੈ। ਪਿਛਲੇ 11 ਸਾਲਾਂ ’ਚ 53 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਤੱਕ ਸਟ੍ਰੇਟੇਜਿਕ ਪੈਟਰੋਲੀਅਮ ਰਿਜ਼ਰਵ ਵਿਕਸਤ ਕੀਤਾ ਗਿਆ ਹੈ ਤੇ 65 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਦੇ ਰਿਜ਼ਰਵ ਦੀ ਵਿਵਸਥਾ ’ਤੇ ਦੇਸ਼ ਕੰਮ ਕਰ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਾਰਤ ਕੋਲਕ ੱਚੇ ਤੇਲ ਦੇ ਉਚਿਤ ਭੰਡਾਰਨ ਤੇ ਨਿਰੰਤਰ ਸਪਲਾਈ ਦੀਆਂ ਵਿਵਸਥਾਵਾਂ ਹਨ। ਆਤਮਨਿਰਭਰ ਭਾਰਤ ਦੇ ਸੰਕਲਪ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ 90 ਫ਼ੀਸਦੀ ਤੋਂ ਜ਼ਿਆਦਾ ਤੇਲ ਦੀ ਦਰਾਮਦ ਵਿਦੇਸ਼ੀ ਜਹਾਜ਼ਾਂ ’ਤੇ ਹੁੰਦੀ ਹੈ। ਇਹ ਸਥਿਤੀ ਕਿਸੇ ਵੀ ਵਿਸ਼ਵ ਸੰਕਟ ’ਚ ਭਾਰਤ ਦੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੰਦੀ ਹੈ, ਇਸ ਲਈ ਸਰਕਾਰ ਨੇ ਮੇਡ ਇਨ ਇੰਡੀਆ ਜਹਾਜ਼ ਬਣਾਉਣ ਲਈ ਕਰੀਬ 70 ਹਜ਼ਾਰ ਕਰੋੜ ਰੁਪਏ ਦਾ ਅਭਿਆਨ ਸ਼ੁਰੂ ਕੀਤਾ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਭਰੋਸਾ ਦਿੱਤਾ ਕਿ ਸਰਕਾਰ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਆਉਮ ਵਾਲੇ ਬੁਆਈ ਸੀਜ਼ਨ ’ਚ ਕਿਸਾਨਾਂ ਨੂੰ ਉਚਿਤ ਖਾਦ ਮਿਲਦੀ ਰਹੇ। ਖਾਦ ਦੀ ਉਚਿਤ ਸਪਲਾਈ ਲਈ ਜ਼ਰੂਰੀ ਤਿਆਰੀਆਂ ਕੀਤੀਆਂ ਹਨ। ਸੰਕਟ ਭਾਵੇਂ ਜਿਹੋ ਜਿਹਾ ਵੀ ਹੋਵੇ, ਉੱਚ ਆਰਥਿਕ ਵਿਕਾਸ ਦਰ ਬਣਾਏ ਰੱਖਣਾ ਸਾਡੀ ਜ਼ਿੰਮੇਵਾਰੀ ਹੈ।