ਮਨੀਸ਼ ਸਿਸੋਦੀਆ ਨੇ ਹੁਸ਼ਿਆਰਪੁਰ ਦਾ ਕੀਤਾ ਦੌਰਾ, ਪੰਜਾਬ ਸਰਕਾਰ ਦੇ ਕੰਮਾਂ ‘ਤੇ ਭਰੋਸਾ ਜਤਾਉਂਦਿਆਂ 2027 ਚੋਣਾਂ ‘ਚ 100 ਤੋਂ ਵੱਧ ਸੀਟਾਂ ਦਾ ਕੀਤਾ ਦਾਅਵਾ

ਮਨੀਸ਼ ਸਿਸੋਦੀਆ ਨੇ ਹੁਸ਼ਿਆਰਪੁਰ ਦਾ ਕੀਤਾ ਦੌਰਾ, ਪੰਜਾਬ ਸਰਕਾਰ ਦੇ ਕੰਮਾਂ ‘ਤੇ ਭਰੋਸਾ ਜਤਾਉਂਦਿਆਂ 2027 ਚੋਣਾਂ ‘ਚ 100 ਤੋਂ ਵੱਧ ਸੀਟਾਂ ਦਾ ਕੀਤਾ ਦਾਅਵਾਹੁਸ਼ਿਆਰਪੁਰ TLT NEWS/ : ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਹੁਸ਼ਿਆਰਪੁਰ ਦੌਰੇ ਦੌਰਾਨ ਕਿਹਾ ਕਿ ਇੱਥੇ ਪਾਰਟੀ ਦਾ ਇਕ ਵੱਡਾ ਪਰਿਵਾਰ ਹੈ, ਜਿਸ ਵਿਚ ਵਿਧਾਇਕ, ਜ਼ਿਲ੍ਹਾ ਇੰਚਾਰਜ ਅਤੇ ਹੋਰ ਆਗੂ ਸ਼ਾਮਲ ਹਨ। ਉਹਨਾਂ ਦੱਸਿਆ ਕਿ ਉਹ ਇੱਥੇ ਪਾਰਟੀ ਆਗੂਆਂ ਨਾਲ ਮਿਲਣ ਲਈ ਆਏ ਹਨ ਅਤੇ ਪਰਿਵਾਰਕ ਮਾਹੌਲ ਵਿਚ ਬੈਠ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਕਿਸ ਤਰ੍ਹਾਂ ਚੱਲ ਰਹੀਆਂ ਹਨ, ਇਸ ਬਾਰੇ ਵੀ ਜਾਣਕਾਰੀ ਲਈ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਵਰਕਰਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਦਾ ਜੋਸ਼ ਵੱਧਦਾ ਹੈ ਅਤੇ ਵਰਕਰਾਂ ਦਾ ਜੋਸ਼ ਵੀ ਵਧਦਾ ਹੈ, ਜਿਸ ਨਾਲ ਪੂਰੀ ਪਾਰਟੀ ਵਿਚ ਨਵੀਂ ਊਰਜਾ ਪੈਦਾ ਹੁੰਦੀ ਹੈ।

2027 ਚੋਣਾਂ ਲਈ ਵੱਡਾ ਦਾਅਵਾ

ਮਨੀਸ਼ ਸਿਸੋਦੀਆ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਸਨ, ਪਰ 2027 ਵਿਚ ਪਾਰਟੀ 100 ਤੋਂ ਵੱਧ ਸੀਟਾਂ ਜਿੱਤੇਗੀ ਅਤੇ ਪਰਚੰਡ ਬਹੁਮਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਕਾਰਨ ਲੋਕਾਂ ਦਾ ਭਰੋਸਾ ਵਧ ਰਿਹਾ ਹੈ।

ਸੱਚਾਈ ਦੀ ਜਿੱਤ ਹੋਈ, ਭਾਜਪਾ ਦੀ ਸਾਜ਼ਿਸ਼ ਧਰਾਸ਼ਾਹੀ

ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਦਿੱਲੀ ਦੀ ਅਦਾਲਤ ਵੱਲੋਂ ਹਾਲ ਹੀ ਵਿਚ ਦਿੱਤੇ ਫੈਸਲੇ ‘ਤੇ ਬੋਲਦਿਆਂ ਸਿਸੋਦੀਆ ਨੇ ਕਿਹਾ ਕਿ ਅੰਤ ਵਿਚ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਇਕ ਡੂੰਘੀ ਸਾਜ਼ਿਸ਼ ਤਹਿਤ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਯਤਾ ਅਤੇ ਉਨ੍ਹਾਂ ਦੇ ਇਮਾਨਦਾਰ ਕੰਮ ਕਰਨ ਦੇ ਤਰੀਕੇ ਨੂੰ ਰੋਕਣ ਲਈ ਇਹ ਸਭ ਰਚਿਆ ਸੀ। ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਜਰੀਵਾਲ ਦੀ ਇਮਾਨਦਾਰੀ ਨੂੰ ਤੋੜਨ ਲਈ ਸਾਜ਼ਿਸ਼ ਰਚੀ ਸੀ, ਪਰ ਕਹਿੰਦੇ ਹਨ ਕਿ ‘ਦੇਰ ਹੈ ਅੰਧੇਰ ਨਹੀਂ’। ਅੱਜ ਸੱਚਾਈ ਸਭ ਦੇ ਸਾਹਮਣੇ ਆ ਗਈ ਹੈ ਅਤੇ ਮੋਦੀ ਦੀ ਸਾਜ਼ਿਸ਼ ਪੂਰੀ ਤਰ੍ਹਾਂ ਧਰਾਸ਼ਾਹੀ ਹੋ ਗਈ ਹੈ।

 

 

ਵਿਰੋਧੀ ਪਾਰਟੀਆਂ ਨੂੰ ਦਿੱਤਾ ਕਰਾਰਾ ਜਵਾਬ

 

 

ਵਿਰੋਧੀ ਪਾਰਟੀਆਂ ਵੱਲੋਂ ‘ਆਪ’ ਸਰਕਾਰ ‘ਤੇ ਕੋਈ ਕੰਮ ਨਾ ਕਰਨ ਦੇ ਲਾਏ ਜਾ ਰਹੇ ਦੋਸ਼ਾਂ ‘ਤੇ ਚੁਟਕੀ ਲੈਂਦਿਆਂ ਸਿਸੋਦੀਆ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਸਿਰਫ਼ ਬੋਲਣਾ ਹੈ, ਪਰ ਜਨਤਾ ਸਭ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਅੱਜ ਜੋ ਪਿਆਰ ਮਿਲ ਰਿਹਾ ਹੈ, ਉਹ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕੰਮਾਂ ਅਤੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਹੁਸ਼ਿਆਰਪੁਰ ਦੇ ਵਿਧਾਇਕ, ਮੇਅਰ, ਕੌਂਸਲਰਾਂ ਅਤੇ ਪ੍ਰਧਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਇਸ ਲਈ ਮਿਲ ਰਿਹਾ ਹੈ ਕਿਉਂਕਿ ਸਥਾਨਕ ਲੀਡਰਸ਼ਿਪ ਜ਼ਮੀਨੀ ਪੱਧਰ ‘ਤੇ ਚੰਗਾ ਕੰਮ ਕਰ ਰਹੀ ਹੈ। ਸਿਸੋਦੀਆ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ 2027 ਦੀਆਂ ਚੋਣਾਂ ਲਈ ਹੁਣੇ ਤੋਂ ਹੀ ਤਿਆਰੀਆਂ ਵਿੱਢਣ ਅਤੇ ਕਮਰ ਕੱਸਣ ਦੀ ਅਪੀਲ ਕੀਤੀ।

 

 

ਵਰਕਰਾਂ ਦਾ ਉਤਸ਼ਾਹ ਤੇ ਨਿੱਘਾ ਸਵਾਗਤ

 

 

ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਦਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਘਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਵਿਚ ਪਹੁੰਚੇ ਪਾਰਟੀ ਵਰਕਰਾਂ, ਜਿਨ੍ਹਾਂ ਵਿਚ ਮਹਿਲਾ ਵਰਕਰ ਵੀ ਸ਼ਾਮਲ ਸਨ, ਨੇ ਸਿਸੋਦੀਆ ਨੂੰ ਗੁਲਾਬ ਦੇ ਫੁੱਲ ਭੇਟ ਕਰ ਕੇ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।