ਚੰਡੀਗੜ੍ਹ: TLT NEWS/ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਇਕ ਅਹਿਮ ਹਮਦਰਦੀ-ਭਰਪੂਰ ਪਹਿਲ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਯਕਮੁਸ਼ਤ “ਵਿਸ਼ੇਸ਼ ਮੌਕਾ” (ਮਰਸੀ ਚਾਂਸ) ਦੇਣ ਜਾ ਰਿਹਾ ਹੈ, ਜੋ 10ਵੀਂ ਜਾਂ 12ਵੀਂ ਬੋਰਡ ਪ੍ਰੀਖਿਆ ਪਾਸ ਨਹੀਂ ਸਨ ਕਰ ਸਕੇ।ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤਾ। ਸਿੱਖਿਆ ਮੰਤਰੀ ਨੇ ਦੱਸਿਆ ਕਿ ਉਹ ਸਾਰੇ ਵਿਦਿਆਰਥੀ, ਜੋ ਮਾਰਚ 2010 ਤੋਂ ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਸੇ ਵੀ ਪ੍ਰੀਖਿਆ ਵਿੱਚ ਬੈਠੇ ਹਨ ਅਤੇ ਪਾਸ ਨਹੀਂ ਸਨ ਹੋਏ, ਉਹ ਵਿਸ਼ੇਸ਼ ਮੌਕੇ (ਮਰਸੀ ਚਾਂਸ) ਲਈ ਯੋਗ ਹੋਣਗੇ। ਇਸ ਮੌਕੇ ਦਾ ਲਾਭ ਉਹ ਵਿਦਿਆਰਥੀ ਲੈ ਸਕਦੇ ਹਨ, ਜਿਨ੍ਹਾਂ ਨੇ ਘੱਟੋ-ਘੱਟ ਇੱਕ ਵਿਸ਼ਾ ਪਾਸ ਕੀਤਾ ਹੈ। ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਸਹੂਲਤ ਉਨ੍ਹਾਂ ਨੂੰ ਆਪਣਾ ਬੋਰਡ ਸਰਟੀਫਿਕੇਸ਼ਨ ਪ੍ਰਾਪਤ ਕਰਨ ਦਾ ਅੰਤਮ ਰਸਤਾ ਪ੍ਰਦਾਨ ਕਰੇਗੀ। ਬੈਂਸ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 27 ਅਪ੍ਰੈਲ, 2026 ਨੂੰ ਸ਼ੁਰੂ ਹੋਵੇਗੀ ਅਤੇ ਵਿਸ਼ੇਸ਼ ਪ੍ਰੀਖਿਆਵਾਂ 15 ਜੁਲਾਈ, 2026 ਤੋਂ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਸਤਾਰਥ ਨਿਰਦੇਸ਼, ਵਿਸ਼ਾ-ਵਾਰ ਸਿਲੇਬਸ ਅਤੇ ਅਪਲਾਈ ਕਰਨ ਲਈ ਲਿੰਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੋਵੇਗਾ।ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਦਰਸਾਏ ਦਇਆ-ਭਾਵਨਾ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਅਤੇ ਸਿੱਖਿਆ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬੈਂਸ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਵਰ੍ਹੇ ਦੇ ਇਤਿਹਾਸਕ ਮੌਕੇ ਸੂਬਾ ਸਰਕਾਰ ਇਹ ਚਾਹੁੰਦੀ ਹੈ ਕਿ ਆਪਣੀ ਸਿੱਖਿਆ ਪੂਰੀ ਕਰਨ ਦਾ ਚਾਹਵਾਨ ਹਰ ਵਿਦਿਆਰਥੀ ਇਹ ਮਹਿਸੂਸ ਕਰੇ ਕਿ ਸਿੱਖਿਆ ਪੂਰੀ ਕਰਨ ਵਿੱਚ ਕਦੇ ਵੀ ਕੋਈ ਦੇਰੀ ਨਹੀਂ ਹੁੰਦੀ। ਬੈਂਸ ਨੇ ਕਿਹਾ ਕਿ ਇਹ ਮੌਕਾ ਆਪਣੇ ਭਵਿੱਖ ਨੂੰ ਲਿਖਣ ਦਾ ਇੱਕ ਸੁਨਹਿਰੀ ਮੌਕਾ ਹੈ। ਉਨ੍ਹਾਂ ਨੇ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਸਮਾਂ ਗੁਆਏ ਇਸ ਸਬੰਧੀ ਨਿਯਮਤ ਜਾਣਕਾਰੀ ਲਈ ਪੀ.ਐਸ.ਈ.ਬੀ. ਦੀ ਵੈੱਬਸਾਈਟ ਦੇਖਦੇ ਰਹਿਣ ਅਤੇ ਉਹ ਕਿਸੇ ਵੀ ਪੁੱਛਗਿੱਛ ਲਈ ਆਪਣੇ ਨੇੜਲੇ ਜ਼ਿਲ੍ਹਾ ਸਿੱਖਿਆ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

More Stories
ਸਾਬਣ-ਤੇਲ, ਬਿਸਕੁਟ ਤੇ ਰੋਜ਼ਾਨਾ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ; 5-10 ਰੁਪਏ ਵਾਲੇ ਪੈਕੇਟਾਂ ‘ਤੇ ਪਵੇਗਾ ਵੱਡਾ ਅਸਰ! FMCG ਕੰਪਨੀਆਂ ਨੇ ਕੀਤੀ ਤਿਆਰੀ
ਭਾਰਤ-ਪਾਕਿ ਸਰਹੱਦ ਤੇ BSF ਦੀ ਵੱਡੀ ਕਾਰਵਾਈ, ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਵਿਅਕਤੀ ਨੂੰ ਕੀਤਾ ਢੇਰ
ਭਗਵੰਤ ਮਾਨ ਸਰਕਾਰ ਵੱਲੋਂ 3 ਲੱਖ ਪ੍ਰਵਾਸੀਆਂ ਦੇ ਬਣਾਏ ਜਾਣ ਵਾਲੇ ਰਾਸ਼ਨ ਕਾਰਡ ਨਹੀਂ ਬਣਨ ਦਿਆਂਗੇ-: ਸਮੂਹ ਸਿੱਖ ਜਥੇਬੰਦੀਆਂ