ਨੇਪਾਲ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਿਆ ਗਿਆ ਫੈਸਲਾ ਸ਼ਲਾਘਾਯੋਗ-ਪੈਂਥਰ/ਅਹੀਰ

ਕਪੂਰਥਲਾ, 8 ਐਪਰਲ TLT NEWS/ ਗੁਆਂਢੀ ਮੁਲਕ ਨੇਪਾਲ ਸਰਕਾਰ ਦਾ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਮਹੱਤਵਪੂਰਨ ਫ਼ੈਸਲਾ ਕੀਤਾ ਹੈ ਕਿ ਦੇਸ਼ ਦੇ ਸਾਰੇ ਬੱਚੇ ਪ੍ਰਧਾਨ ਮੰਤਰੀ ਤੋਂ ਲੈ ਕੇ ਅਧਿਕਾਰੀ ਤੱਕ ਸਰਕਾਰੀ ਸਕੂਲਾਂ ਵਿੱਚ ਪੜ੍ਹਨਗੇ ਅਤੇ ਸਾਰੇ ਸਕੂਲਾਂ ਦਾ ਸਿਲੇਬਸ ਵੀ ਇੱਕੋ ਜਿਹਾ ਹੋਵੇਗਾ। ਨੇਪਾਲ ਸਰਕਾਰ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਵਧਾਈ ਦੀ ਪਾਤਰ ਹੈ। ਇਹ ਸ਼ਬਦ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸਾਬਕਾ ਜਨਰਲ ਸਕੱਤਰ ਸਮਾਜ ਸੇਵਕ ਧਰਮ ਪਾਲ ਪੈਂਥਰ ਅਮਰੀਕਾ ਅਤੇ ਬਹੁਜਨ ਚਿੰਤਕ ਭੈਣ ਕਮਲੇਸ਼ ਅਹੀਰ ਬੋਧ ਕੈਨੇਡਾ ਨੇ ਪ੍ਰੈੱਸ ਦੇ ਨਾਮ ‘ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੇਪਾਲ ਸਰਕਾਰ ਦੀ ਇਹ ਪਹਿਲ ਕਦਮੀ ਵਿਕਾਸਸ਼ੀਲ ਦੇਸ਼ਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।
ਕਮਲੇਸ਼ ਅਹੀਰ ਕੈਨੇਡਾ ਨੇ ਦੱਸਿਆ ਕਿ ਜੇਕਰ ਕੈਨੇਡਾ ਅਤੇ ਅਮਰੀਕਾ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇਥੇ ਗੌਰਮਿੰਟ ਸਕੂਲਾਂ ਵਿਚ ਸਾਰੇ ਦੇਸ਼ਾਂ ਦੇ ਰਹਿੰਦੇ ਵੱਖਰੇ -ਵੱਖਰੇ ਭਾਸ਼ਾ, ਸੱਭਿਆਚਾਰ ਵਾਲੇ ਬੱਚੇ ਇੱਕਠੇ ਪੜ੍ਹਦੇ ਹਨ, ਕੋਈ ਰਿਜ਼ਰਵ ਕੋਟਾ ਵੀ ਨਹੀਂ ਹੁੰਦਾ, ਪਰ ਸਾਰੇ ਬੱਚਿਆਂ ਨੂੰ ਇਕੋ ਜਿਹੇ ਮੌਕੇ ਮਿਲਦੇ ਹਨ ਅਤੇ ਉਹ ਸਭ ਬਰਾਬਰ ਯੂਨੀਵਰਸਿਟੀਆਂ ਵਿੱਚ ਵੀ ਅਹਲਾ ਦਰਜੇ ਦੀ ਡਿਗਰੀ ਕਰਦੇ ਹਨ ਬੇਸ਼ੱਕ ਕਿਸੀ ਵੀ ਭਾਈਚਾਰੇ ਦੇ ਬੱਚੇ ਹੋਣ। ਇਸ ਕਰਕੇ ਸਕੂਲਾਂ ਵਿਚ ਪੜ੍ਹਾਈ ਬਰਾਬਰਤਾ ਦੇ ਆਧਾਰ ਤੇ ਇਕੋ ਜਿਹੀ ਹੀ ਹੋਣੀ ਚਾਹੀਦੀ ਹੈ, ਅਗਰ ਭਾਰਤ ਦੇਸ਼ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਨੇਪਾਲ ਦੇ ਪ੍ਰਧਾਨ ਮੰਤਰੀ ਤੋ ਭਾਰਤ ਨੂੰ ਜਰੂਰ ਸਿੱਖਣਾ ਚਾਹੀਦਾ ਹੈ।
ਪੈਂਥਰ ਅਤੇ ਭੈਣ ਅਹੀਰ ਨੇ ਕਿਹਾ ਕਿ ਅਗਰ ਦਾ ਦੇਸ਼ ਦਾ ਵਿੱਦਿਅਕ ਢਾਂਚਾ ਇਕੋ ਜਿਹਾ ਹੋਵੇਗਾ ਤਾਂ ਬੱਚੇ ਦੇਸ਼ ਦੇ ਨਿਰਮਾਣ ਵਿੱਚ ਬਿਹਤਰ ਭੂਮਿਕਾ ਨਿਭਾਉਣਗੇ।
ਦੋਨਾਂ ਸਮਾਜਸੇਵੀਆਂ ਨੇ ਚਿੰਤਾ ਜ਼ਾਹਰ ਕਰਦਿਆਂ ਭਾਰਤ ਦੇ ਲੋਕਾਂ ਦੀ ਬਹੁਤ ਹੀ ਘਟੀਆ ਮਾਨਸਿਕਤਾ ਹੈ । ਉਹ ਨੌਕਰੀ ਤਾਂ ਸਰਕਾਰੀ ਚਾਹੁੰਦੇ ਹਨ ਪ੍ਰੰਤੂ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਆਪਣੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ ਜਿਸ ਨਾਲ ਵਿੱਦਿਅਕ ਢਾਂਚੇ ਵਿੱਚ ਸੁਧਾਰ ਨਹੀਂ ਹੋ ਰਿਹਾ।
ਧਰਮ ਪਾਲ ਪੈਂਥਰ ਅਤੇ ਕਮਲੇਸ਼ ਅਹੀਰ ਨੇ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਸਖ਼ਤ ਜ਼ਰੂਰਤ ਹੈ। ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ 100% ਯਕੀਨੀ ਬਣਾਈ ਜਾਵੇ। ਖੇਡ ਦੇ ਮੈਦਾਨ ਅਤੇ ਇਮਾਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਅਧਿਆਪਕਾਂ ਤੋਂ ਇੱਧਰ ਉੱਧਰ ਦੇ ਕੰਮ ਨਾ ਕਰਵਾਏ ਜਾਣ। 14 ਸਾਲ ਤੱਕ ਹਰੇਕ ਬੱਚੇ ਨੂੰ ਮੁਫ਼ਤ ਸਕੂਲੀ ਸਿੱਖਿਆ ਅਤੇ ਲਾਜ਼ਮੀ ਕੀਤੀ ਜਾਵੇ। ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਅਤੇ ਮੰਤਰੀਆਂ ਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਲਾਜ਼ਮੀ ਕੀਤਾ ਜਾਵੇ। ਨਿੱਜੀ ਸਕੂਲਾਂ ਨੂੰ ਬੰਦ ਕੀਤਾ ਜਾਵੇ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪਹਿਲ ਦੇ ਅਧਾਰ ‘ਤੇ ਨੌਕਰੀਆਂ ਦਿੱਤੀਆਂ ਜਾਣ।