ਜਲੰਧਰ ‘ਚ ਮਿਲਾਵਟਖੋਰੀ ਖਿਲਾਫ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਡੇਅਰੀ ਉਤਪਾਦਾਂ ਸਮੇਤ ਲਏ 15 ਸੈਂਪਲ

ਜਲੰਧਰ:(ਰਮੇਸ਼ ਗਾਬਾ)  ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਦੇ ਸਖ਼ਤ ਨਿਰਦੇਸ਼ਾਂ ‘ਤੇ ਜਲੰਧਰ ਵਿੱਚ ਮਿਲਾਵਟਖੋਰੀ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ.) ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਵਿੰਗ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕਰਕੇ ਖਾਣ-ਪੀਣ ਵਾਲੀਆਂ ਵਸਤਾਂ ਦੇ ਕੁੱਲ 15 ਸੈਂਪਲ ਭਰੇ ਹਨ।

ਫੂਡ ਸੇਫਟੀ ਟੀਮ ਨੇ ਜਲੰਧਰ ਸ਼ਹਿਰ ਦੇ ਨਾਲ-ਨਾਲ ਜ਼ਿਲ੍ਹੇ ਦੇ ਪੇਂਡੂ ਅਤੇ ਕਸਬਾ ਖੇਤਰਾਂ ਵਿੱਚ ਵੀ ਦਬਿਸ਼ ਦਿੱਤੀ। ਇਸ ਦੌਰਾਨ ਮੁੱਖ ਤੌਰ ‘ਤੇ ਮਾਡਲ ਹਾਊਸ (ਜਲੰਧਰ ਸ਼ਹਿਰ), ਕਰਤਾਰਪੁਰ, ਫਿਲੌਰ, ਗੁਰਾਇਆ, ਲੋਹੀਆਂ ਅਤੇ ਸ਼ਾਹਕੋਟ ਇਲਾਕਿਆਂ ਵਿੱਚ ਚੈਕਿੰਗ ਕਰਕੇ ਸੈਂਪਲ ਲਏ ਗਏ।

ਡੇਅਰੀ ਉਤਪਾਦਾਂ ‘ਤੇ ਰਿਹਾ ਖਾਸ ਧਿਆਨ ਟੀਮ ਨੇ ਸਭ ਤੋਂ ਵੱਧ ਧਿਆਨ ਡੇਅਰੀ ਉਤਪਾਦਾਂ ‘ਤੇ ਦਿੱਤਾ। ਮੌਕੇ ‘ਤੇ ਟੀਮ ਨੇ ਪਨੀਰ ਦੇ 10, ਦੁੱਧ ਦੇ 02, ਦਹੀਂ ਦਾ 01, ਸਰ੍ਹੋਂ ਦੇ ਤੇਲ ਦਾ 01 ਅਤੇ ਚਾਹ ਪੱਤੀ ਦਾ 01 ਸੈਂਪਲ ਲਿਆ ਹੈ। ਡੀ.ਐਚ.ਓ. ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਕੱਤਰ ਕੀਤੇ ਗਏ ਸਾਰੇ ਸੈਂਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੈਬ ਤੋਂ ਰਿਪੋਰਟ ਆਉਣ ਤੋਂ ਬਾਅਦ ਜੇਕਰ ਕਿਸੇ ਵੀ ਸੈਂਪਲ ਵਿੱਚ ਮਿਲਾਵਟ ਜਾਂ ਗੁਣਵੱਤਾ ਦੀ ਕਮੀ ਪਾਈ ਜਾਂਦੀ ਹੈ, ਤਾਂ ਸਬੰਧਤ ਦੁਕਾਨਦਾਰ ਜਾਂ ਮਾਲਕ ਖਿਲਾਫ ਫੂਡ ਸੇਫਟੀ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਦੁਕਾਨਦਾਰਾਂ ਨੂੰ ਸਿਹਤ ਵਿਭਾਗ ਦੀਆਂ ਸਖ਼ਤ ਹਦਾਇਤਾਂ: ਚੈਕਿੰਗ ਦੌਰਾਨ ਸਿਹਤ ਵਿਭਾਗ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਕੁਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ:

  • ਲਾਇਸੈਂਸ ਜ਼ਰੂਰੀ: ਖਾਣ-ਪੀਣ ਦੀ ਹਰ ਛੋਟੀ-ਵੱਡੀ ਦੁਕਾਨ ਕੋਲ ਫੂਡ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ।

  • ਸਾਫ਼-ਸਫ਼ਾਈ: ਨਿਰਮਾਣ ਅਤੇ ਵਿਕਰੀ ਵਾਲੀ ਥਾਂ ‘ਤੇ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ।

  • ਜ਼ੀਰੋ ਟਾਲਰੈਂਸ: ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਿਲਾਵਟ ਪਾਏ ਜਾਣ ‘ਤੇ ਦੁਕਾਨ ਸੀਲ ਵੀ ਕੀਤੀ ਜਾ ਸਕਦੀ ਹੈ।