ਪੜ੍ਹਾਈ ਲਈ ਉਮਰ ਦੀ ਕੋਈ ਹੱਦ ਨਹੀਂ: ਫਿਲੌਰ ਦੀ 61 ਸਾਲਾ ਬੀਬੀ ਨਰਿੰਦਰ ਕੌਰ ਨੇ 77% ਅੰਕਾਂ ਨਾਲ ਪਾਸ ਕੀਤੀ ਦਸਵੀਂ

61 ਸਾਲਾ ਨਰਿੰਦਰ ਕੌਰ ਨੇ ਦਸਵੀਂ ਪਾਸ ਕਰ ਕੇ ਬਣਾਈ ਮਿਸਾਲਫਿਲੌਰ TLT NEWS/ : “ਪੜ੍ਹਨ ਤੇ ਕੁਝ ਨਵਾਂ ਸਿੱਖਣ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ” ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ 61 ਸਾਲਾ ਬੀਬੀ ਨਰਿੰਦਰ ਕੌਰ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ’ਚ ਹਲਕਾ ਫਿਲੌਰ ਦੇ ਪਿੰਡ ਸਰਹਾਲੀ ਵਾਸੀ ਬੀਬੀ ਨਰਿੰਦਰ ਕੌਰ ਨੇ ਓਪਨ ਸਕੂਲ ਪ੍ਰਣਾਲੀ ਰਾਹੀਂ ਪ੍ਰੀਖਿਆ ਦੇ ਕੇ 77 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਉਹ ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮੰਡੀ ਦੀ ਓਪਨ ਸਟੱਡੀ ਸੈਂਟਰ ਦੀ ਵਿਦਿਆਰਥਣ ਰਹੀ। ਸਕੂਲ ਦੇ ਪ੍ਰਿੰਸੀਪਲ ਹਰਮੇਸ਼ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੀਮ ਤਹਿਤ ਸਕੂਲ ’ਚ ਓਪਨ ਸਟੱਡੀ ਸੈਂਟਰ ਚਲਾਇਆ ਜਾ ਰਿਹਾ ਹੈ, ਜਿਸ ਅਧੀਨ ਕਿਸੇ ਵੀ ਉਮਰ ਦਾ ਵਿਅਕਤੀ ਪੜ੍ਹਾਈ ਜਾਰੀ ਰੱਖ ਕੇ ਪ੍ਰੀਖਿਆ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੀਬੀ ਨਰਿੰਦਰ ਕੌਰ ਨੇ ਇਸ ਸਕੀਮ ਤਹਿਤ ਦਾਖ਼ਲਾ ਲੈ ਕੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕੀਤੀ ਅਤੇ ਸ਼ਾਨਦਾਰ ਨਤੀਜਾ ਹਾਸਲ ਕਰ ਕੇ ਨਾ ਸਿਰਫ ਆਪਣੇ ਪਰਿਵਾਰ, ਸਗੋਂ ਸਕੂਲ ਤੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ, ਸਕੂਲ ਸਟਾਫ ਤੇ ਮੈਨੇਜਮੈਂਟ ਵੱਲੋਂ ਬੀਬੀ ਨਰਿੰਦਰ ਕੌਰ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਇਸ ਉਪਲਬਧੀ ਨੂੰ ਹੋਰ ਲੋਕਾਂ ਲਈ ਪ੍ਰੇਰਣਾ ਕਰਾਰ ਦਿੱਤਾ ਗਿਆ।