ਗੁਰੂ ਹਰ ਸਹਾਏ, 5 ਜੂਨ (TLT NEWS)- ਗੁਰੂ ਹਰ ਸਹਾਏ ਦੀ ਪੁਰਾਣੀ ਡਾਕਖਾਨੇ ਵਾਲੀ ਗਲੀ ਵਿਚ ਸਥਿਤ ਗਲਹੋਤਰਾ ਫਰਨੀਚਰ ਹਾਊਸ ਦੀ ਇਮਾਰਤ ਦੀਆਂ ਉੱਪਰਲੀਆਂ ਦੋ ਮੰਜ਼ਿਲਾਂ ਨੂੰ ਅੱਜ ਤੜਕਸਾਰ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਉੱਪਰ ਪਿਆ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਦੁਕਾਨ ਮਾਲਕਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਜਲਾਲਾਬਾਦ,ਫਿਰੋਜ਼ਪੁਰ ਸਥਿਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਪਰਿਵਾਰਕ ਮੈਂਬਰਾਂ ਅਨੁਸਾਰ ਸੂਚਨਾ ਦੇਣ ਤੋਂ ਇਕ ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਨਹੀਂ ਪਹੁੰਚੀ, ਜਿਸ ਕਾਰਨ ਅੱਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਵੱਡੀ ਮਾਤਰਾ ਵਿਚ ਫਰਨੀਚਰ ਸੜ ਗਿਆ।
ਦੁਕਾਨ ਮਾਲਕਾਂ ਨੇ ਦੱਸਿਆ ਕਿ ਇਸ ਅੱਗ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਗੁਰੂ ਹਰ ਸਹਾਏ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਉਪਲਬਧ ਹੁੰਦੀ ਜਾਂ ਸਮੇਂ ਸਿਰ ਅੱਗ ਬੁਝਾਉ ਦਸਤਾ ਪਹੁੰਚ ਜਾਂਦਾ ਤਾਂ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਸੀ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਗੁਰੂ ਹਰ ਸਹਾਏ ਵਿਚ ਫਾਇਰ ਬ੍ਰਿਗੇਡ ਦੀ ਸਥਾਈ ਵਿਵਸਥਾ ਨਾ ਹੋਣ ’ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਜਲਦ ਤੋਂ ਜਲਦ ਫਾਇਰ ਬ੍ਰਿਗੇਡ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
ਖ਼ਬਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਪਾਉਣ ਦੇ ਯਤਨ ਜਾਰੀ ਸਨ ਅਤੇ ਨੁਕਸਾਨ ਦਾ ਅਸਲ ਅੰਦਾਜ਼ਾ ਲਗਾਇਆ ਜਾ ਰਿਹਾ ਸੀ।

More Stories
ਸਾਊਦੀ ਅਰਬ ‘ਚ ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ਬਚਾਉਣ ਲਈ ਮੈਦਾਨ ‘ਚ ਨਿੱਤਰੇ ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ