ਫਿਰੋਜ਼ਪੁਰ:TLT NEWS/ ਫਿਰੋਜ਼ਪੁਰ-ਫਾਜ਼ਿਲਕਾ ਐਫਐਫਰੋਡ ਨੇ ਇੱਕ ਵਾਰ ਫਿਰ ਉਸ ਵੇਲੇ ਕਈ ਘਰਾਂ ਵਿੱਚ ਸੱਥਰ ਵਿਛਾ ਦਿੱਤੇ, ਜਦੋਂ ਜੰਗਾਂਵਾਲਾ ਮੋੜ ਨੇੜੇ ਪਿੰਡ ਹੁਸੈਨ ਸ਼ਾਹ ਕੋਲ ਮਹਿੰਦਰਾ ਪਿਕਅਪ ਅਤੇ ਘੋੜਾ ਟਰਾਲੇ ਵਿਚਾਲੇ ਹੋਈ ਭਿਆਨਕ ਆਹਮੋ-ਸਾਹਮਣੇ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ । ਇਸ ਦਰਦਨਾਕ ਹਾਦਸੇ ਵਿੱਚ ਇੱਕ ਸਾਲ ਦੀ ਮਾਸੂਮ ਬੱਚੀ ਸਮੇਤ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਹੋਏ ਹਨ।ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਹਿੰਦਰਾ ਪਿਕਅਪ ਦੇ ਉੱਪਰ ਅਤੇ ਪਿਛਲੇ ਹਿੱਸੇ ਵਿੱਚ ਬੈਠੀਆਂ ਸਵਾਰੀਆਂ ਹਵਾ ਵਿੱਚ ਉੱਡ ਕੇ ਸਿੱਧੀਆਂ ਘੋੜਾ ਟਰਾਲੇ ਨਾਲ ਜਾ ਟਕਰਾਈਆਂ। ਮੌਕੇ ’ਤੇ ਹੀ ਕਈ ਲੋਕਾਂ ਨੇ ਦਮ ਤੋੜ ਦਿੱਤਾ, ਜਦਕਿ ਸੜਕ ’ਤੇ ਵਿਛੀਆਂ ਲਾਸ਼ਾਂ ਅਤੇ ਹਰ ਪਾਸੇ ਪਈਆਂ ਚੀਜ਼ਾਂ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਪੇਸ਼ ਕਰ ਰਹੀਆਂ ਸਨ। ਇਹ ਹਾਦਸਾ ਇੱਕ ਵਾਰ ਫਿਰ ਮਹਿਕਮਾ ਟਰਾਂਸਪੋਰਟ ਅਤੇ ਟਰੈਫਿਕ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਨਿਯਮਾਂ ਅਨੁਸਾਰ ਮਾਲ ਢੋਹਣ ਵਾਲੀਆਂ ਗੱਡੀਆਂ ਵਿੱਚ ਸਵਾਰੀਆਂ ਬਿਠਾਉਣਾ ਗੈਰ-ਕਾਨੂੰਨੀ ਹੈ, ਪਰ ਪਿੰਡਾਂ ਵਿੱਚ ਅਜਿਹੀਆਂ ਗੱਡੀਆਂ ਰਾਹੀਂ ਦਰਜਨਾਂ ਲੋਕਾਂ ਨੂੰ ਢੋਹਣਾ ਆਮ ਗੱਲ ਬਣ ਚੁੱਕੀ ਹੈ। ਇਸ ਖ਼ਤਰਨਾਕ ਰੁਝਾਨ ਨੂੰ ਰੋਕਣ ਲਈ ਨਾ ਤਾਂ ਕੋਈ ਪ੍ਰਭਾਵਸ਼ਾਲੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਾ ਹੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਇਸੇ ਐਫਐਫ ਰੋਡ ’ਤੇ ਗੁਰੂਹਰਸਹਾਏ ਇਲਾਕੇ ਦੇ 12 ਕਿਰਤੀ ਲੋਕ ਇੱਕ ਇਹੋ ਜਿਹੇ ਹਾਦਸੇ ਵਿੱਚ ਮਾਰੇ ਗਏ ਸਨ। ਉਸ ਵੇਲੇ ਵੀ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਅੱਜ ਦਾ ਹਾਦਸਾ ਦੱਸਦਾ ਹੈ ਕਿ ਉਹ ਵਾਅਦੇ ਕਾਗਜ਼ਾਂ ਤੱਕ ਹੀ ਸੀਮਤ ਰਹੇ।
ਇਸ ਦਰਦਨਾਕ ਘਟਨਾ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ ਅਤੇ ਲੋਕਾਂ ਨੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮ੍ਰਿਤਕਾਂ ਦੀ ਪਛਾਣ
1-ਕਰਨੈਲ ਸਿੰਘ ਵਾਸੀ ਟਾਹਲੀ ਵਾਲਾ
2-ਲਕਸ਼ਮੀ ਬਾਈ ਪਤਨੀ ਰੇਸ਼ਮ ਵਾਸੀ ਜਲਾਲਾਬਾਦ
3-ਸੀਰਤ ਕੌਰ ਪੁੱਤਰੀ ਮੋਹਨ ਸਿੰਘ ਵਾਸੀ ਜਲਾਲਾਬਾਦ
4-ਭਾਗੋ ਰਾਣੀ ਪਤਨੀ ਸਤਨਾਮ ਸਿੰਘ ਮਲਕਜਾਦਾ
5-ਮਾਇਆ ਬਾਈ ਪਤਨੀ ਬਲਵੀਰ ਸਿੰਘ ਵਾਸੀ ਜਲਾਲਾਬਾਦ
6-ਮਹਿੰਦਰ ਸਿੰਘ ਪੁੱਤਰ ਫੱਗਨ ਸਿੰਘ ਵਾਸੀ ਜਲਾਲਾਬਾਦ
7-ਰਾਜ ਸਿੰਘ ਵਾਸੀ ਜਲਾਲਾਬਾਦ
8-ਦਰਸ਼ਨ ਸਿੰਘ ਪੁੱਤਰ ਗੋਪਾਲ ਸਿੰਘ
9-ਵਿਦਿਆ ਬਾਈ ਪਤਨੀ ਮੱਖਣ ਸਿੰਘ ਵਾਸੀ ਮਮਦੋਟ

More Stories
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਦਿੱਲੀ: ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਦਾ ਐਨਕਾਊਂਟਰ ਦੌਰਾਨ ਕਾਬੂ, ਦੋ ਹਾਲੇ ਵੀ ਫ਼ਰਾਰ