ਜਲੰਧਰ, 13 ਜੂਨ (ਰਮੇਸ਼ ਗਾਬਾ) : ਸ਼ਹਿਰ ਦੇ ਇਤਿਹਾਸਕ ਅਤੇ ਪ੍ਰਸਿੱਧ ਲੈਂਡਮਾਰਕ ਕਲਾਕ ਟਾਵਰ ਦੀ ਘੜੀ ਦਾ ਘੜਿਆਲ ਲਗਭਗ 30 ਸਾਲਾਂ ਬਾਅਦ ਮੁੜ ਗੂੰਜਣ ਜਾ ਰਿਹਾ ਹੈ। ਕੰਪਨੀ ਬਾਗ ਚੌਕ ਨੇੜੇ ਸਥਿਤ ਇਹ ਕਲਾਕ ਟਾਵਰ ਇੱਕ ਸਮੇਂ ਜਲੰਧਰ ਦੀ ਪਛਾਣ ਅਤੇ ਲੋਕਾਂ ਲਈ ਸਮਾਂ ਜਾਣਨ ਦਾ ਸਭ ਤੋਂ ਭਰੋਸੇਮੰਦ ਸਾਧਨ ਹੁੰਦਾ ਸੀ।
ਮੋਬਾਈਲ ਫੋਨਾਂ ਅਤੇ ਡਿਜੀਟਲ ਘੜੀਆਂ ਦੇ ਯੁੱਗ ਤੋਂ ਪਹਿਲਾਂ ਹਰ ਘੰਟੇ ਬਾਅਦ ਵੱਜਣ ਵਾਲੀ ਇਸ ਦੀ ‘ਟਨ-ਟਨ’ ਦੀ ਆਵਾਜ਼ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਸੁਣਾਈ ਦਿੰਦੀ ਸੀ। ਦੁਕਾਨਦਾਰ, ਵਿਦਿਆਰਥੀ ਅਤੇ ਆਮ ਲੋਕ ਆਪਣੇ ਰੋਜ਼ਾਨਾ ਦੇ ਕੰਮ ਇਸ ਆਵਾਜ਼ ਦੇ ਆਧਾਰ ’ਤੇ ਤੈਅ ਕਰਦੇ ਸਨ। ਸਾਲ 1992 ਵਿੱਚ ਤਕਨੀਕੀ ਖਰਾਬੀ ਅਤੇ ਰੱਖ-ਰਖਾਵ ਲਈ ਫੰਡਾਂ ਦੀ ਕਮੀ ਕਾਰਨ ਘੜਿਆਲ ਦੀ ਆਵਾਜ਼ ਬੰਦ ਹੋ ਗਈ ਸੀ।
ਕਲਾਕ ਟਾਵਰ ਦਾ ਨੀਂਹ ਪੱਥਰ 10 ਫਰਵਰੀ 1982 ਨੂੰ ਤਤਕਾਲੀਨ ਮਿਊਂਸੀਪਲ ਕਮਿਸ਼ਨਰ ਡੀ. ਐੱਸ. ਚੌਧਰੀ ਆਈਏਐੱਸ ਵੱਲੋਂ ਰੱਖਿਆ ਗਿਆ ਸੀ। ਸਮੇਂ ਦੇ ਨਾਲ ਇਹ ਸਥਾਨ ਸ਼ਹਿਰ ਦਾ ਇੱਕ ਮਹੱਤਵਪੂਰਨ ਲੈਂਡਮਾਰਕ ਬਣ ਗਿਆ ਅਤੇ ਲੋਕਾਂ ਲਈ ਰਸਤਾ ਦੱਸਣ ਦਾ ਮੁੱਖ ਨਿਸ਼ਾਨ ਵੀ ਰਿਹਾ।
ਇਸ ਇਮਾਰਤ ਦੇ ਇਤਿਹਾਸ ਵਿੱਚ ਇੱਕ ਹੋਰ ਮਹੱਤਵਪੂਰਨ ਮੋੜ 3 ਜੂਨ 2005 ਨੂੰ ਆਇਆ, ਜਦੋਂ ਇੱਥੇ ਪੰਜਾਬ ਪ੍ਰੈੱਸ ਕਲੱਬ ਦੀ ਸਥਾਪਨਾ ਕੀਤੀ ਗਈ। ਇਸ ਤੋਂ ਬਾਅਦ ਇਹ ਸਥਾਨ ਪੱਤਰਕਾਰਤਾ, ਸਮਾਜਿਕ ਸਰਗਰਮੀਆਂ ਅਤੇ ਵਿਚਾਰ-ਵਟਾਂਦਰੇ ਦਾ ਕੇਂਦਰ ਬਣ ਗਿਆ।
ਹੁਣ ਪੰਜਾਬ ਪ੍ਰੈੱਸ ਕਲੱਬ ਅਤੇ ਸਿਟੀ ਇੰਸਟੀਟਿਊਟ ਦੇ ਸਹਿਯੋਗ ਨਾਲ ਕਲਾਕ ਟਾਵਰ ਦੇ ਘੜਿਆਲ ਨੂੰ ਮੁੜ ਚਾਲੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 16 ਜੂਨ ਨੂੰ ਜਦੋਂ ਇਹ ਘੜਿਆਲ ਮੁੜ ਵੱਜੇਗਾ ਤਾਂ ਨਾ ਸਿਰਫ਼ ਸਮੇਂ ਦੀ ਜਾਣਕਾਰੀ ਦੇਵੇਗਾ, ਸਗੋਂ ਜਲੰਧਰ ਦੇ ਸੁਨਹਿਰੀ ਅਤੀਤ ਅਤੇ ਲੋਕਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰੇਗਾ।
ਸ਼ਹਿਰ ਦੇ ਬਜ਼ੁਰਗਾਂ ਲਈ ਇਹ ਪਲ ਖਾਸ ਭਾਵਨਾਤਮਕ ਮਹੱਤਵ ਰੱਖੇਗਾ, ਜਦਕਿ ਨਵੀਂ ਪੀੜ੍ਹੀ ਪਹਿਲੀ ਵਾਰ ਉਸ ਇਤਿਹਾਸਕ ‘ਟਨ-ਟਨ’ ਦੀ ਆਵਾਜ਼ ਸੁਣੇਗੀ, ਜੋ ਕਦੇ ਜਲੰਧਰ ਦੀ ਧੜਕਣ ਮੰਨੀ ਜਾਂਦੀ ਸੀ।
More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ