ਜਲੰਧਰ:(ਰਮੇਸ਼ ਗਾਬਾ) ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਲੰਧਰ ’ਚ ਪੰਜਾਬ ਰਾਜ ਵਪਾਰ ਕਮਿਸ਼ਨ ਦੀ ਬੈਠਕ ਦੌਰਾਨ ਵਪਾਰੀਆਂ, ਦੁਕਾਨਦਾਰਾਂ ਤੇ ਵਪਾਰ ਮਾਲਿਕਾਂ ਦੇ ਨਾਲ ਸਿੱਧਾ ਸੰਵਾਦ ਕੀਤਾ। ਉਨ੍ਹਾਂ ਨੇ ਛੋਟੇ ਵਪਾਰੀਆਂ ਨੂੰ ਅਰਥਚਾਰੇ ਦੀ ਰੀੜ੍ਹ ਦੱਸਦੇ ਹੋਏ ਕਿਹਾ ਕਿ ਸਾਬਕਾ ਸਰਕਾਰਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਉਨ੍ਹਾਂ ਨੂੰ ਸ਼ੋਸ਼ਣ ਤੇ ਜ਼ਬਰਦਸਤੀ ਵਸੂਲੀ ਦਾ ਸ਼ਿਕਾਰ ਬਣਾਇਆ। ਮਾਨ ਸਰਕਾਰ ਨੇ ਅਜਿਹੀਆਂ ਚੀਜ਼ਾਂ ਨੂੰ ਖ਼ਤਮ ਕਰਦੇ ਹੋਏ ਪੰਜਾਬ ਰਾਜ ਵਪਾਰ ਕਮਿਸ਼ਨ ਦੀ ਸਥਾਪਨਾ ਕੀਤੀ ਹੈ।ਇਸ ਦਾ ਇੱਕੋ ਇਕ ਟੀਚਾ ਵਪਾਰੀ ਭਾਈਚਾਰੇ ਦੀ ਛੋਟੀ ਤੋਂ ਛੋਟੀ ਮੁਸ਼ਕਲ ਦਾ ਤੁਰੰਤ ਤੇ ਅਸਰਦਾਰ ਹੱਲ ਕਰਨਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਹਾਕਿਆਂ ਤੋਂ ਸ਼ੋਸ਼ਣ ਤੇ ਬੁਰੇ ਸ਼ਾਸਨ ਤੋਂ ਮੁਕਤ ਹੋ ਗਿਆ ਹੈ। ਹੁਣ ਇਕ ਪਾਰਦਰਸ਼ੀ, ਵਿਕਾਸ-ਪ੍ਰੇਰਿਤ ਸ਼ਾਸਨ ਦਾ ਯੁੱਗ ਸ਼ੁਰੂ ਹੋ ਗਿਆ ਹੈ।
ਵਿਸ਼ਾਲ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਤੇ ਭਾਜਪਾ-ਅਕਾਲੀ ਦਲ ਦੀਆਂ ਸਰਕਾਰਾਂ ਆਈਆਂ। ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਜਦ ਉਹ ਲੋਕਾਂ ਵਿਚਾਲੇ ਗਏ, ਤਾਂ ਪਿੰਡ ਵਾਲੇ ਉਨ੍ਹਾਂ ਨੂੰ ਅੰਦਰ ਵੀ ਨਹੀਂ ਆਉਣ ਦਿੰਦੇ ਸਨ। ਲੋਕ ਉਨ੍ਹਾਂ ਖ਼ਿਲਾਫ਼ ਜੁੱਤੇ ਲੈ ਕੇ ਖੜ੍ਹੇ ਹੁੰਦੇ ਸਨ। ਅੱਜ ਜਦ ਅਸੀਂ ਲੋਕਾਂ ਵਿਚਾਲੇ ਜਾਂਦੇ ਹਾਂ ਤਾਂ ਉਹ ਸਾਡੀ ਪ੍ਰਸੰਸਾ ਕਰਦੇ ਹਨ ਤੇ ਸਾਨੂੰ ਗਲੇ ਲਾਉਣ ਲਈ ਤਿਆਰ ਹੁੰਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਛੋਟੇ ਵਪਾਰੀਆਂ ਦੀ ਆਵਾਜ਼ ਵੀ ਸਿੱਧਾ ਮੁੱਖ ਮੰਤਰੀ ਤੱਕ ਪੁੱਜੇ, ਅਸੀਂ ਪੰਜਾਬ ਰਾਜ ਵਪਾਰ ਕਮਿਸ਼ਨ ਦਾ ਗਠਨ ਕੀਤਾ। ਸੂਬਾ ਪੱਧਰ, ਜ਼ਿਲ੍ਹਾ ਪੱਧਰ ਤੇ ਚੋਣ ਖੇਤਰ ਪੱਧਰ ’ਤੇ ਕਮਿਸ਼ਨ ਹੈ। ਹਰ ਛੋਟੀ ਤੋਂ ਛੋਟੀ ਮੁਸ਼ਕਲ ਸਿੱਧਾ ਭਗਵੰਤ ਮਾਨ ਨੂੰ ਭੇਜੀ ਜਾਂਦੀ ਹੈ। ਮੁੱਖ ਮੰਤਰੀ ਦਫ਼ਤਰ ’ਚ ਇਕ ਸਮਰਪਤ ਟੀਮ ਇਹ ਯਕੀਨੀ ਬਣਾਉਂਦੀ ਹੈ ਕਿ ਇਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ।
ਈਡੀ ਪਾਰਟੀ ਨੇ ਈਡੀ ਦੀ ਰੇਡ ਤੋਂ ਪੰਜਾਬ ਤੋਂ 60 ਕਰੋੜ ਰੁਪਏ ਚੰਦਾ ਇਕੱਠਾ ਕੀਤਾ : ਕੇਜਰੀਵਾਲ
ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਐਤਵਾਰ ਨੂੰ ਸਰਕਾਰ-ਵਪਾਰੀ ਮਿਲਣੀ ਕਰਵਾਈ ਗਈ। ਇਸ ’ਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ। ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਚਾਰ ਪਾਰਟੀਆਂ ਹਨ। ਕਿਸੇ ਪਾਰਟੀ ਦਾ ਨਾਂ ਨਹੀਂ ਲਵਾਂਗਾ। ਪੰਜਾਬ ਦੇ ਲੋਕ ਇਨ੍ਹਾਂ ਨੂੰ ਜਾਣਦੇ ਹਨ। ਇਕ ਹੈ ਚਿੱਟਾ ਪਾਰਟੀ, ਇਕ ਹੈ ਈਡੀ ਪਾਰਟੀ, ਤੀਜੀ ਹੈ ਝਗੜਾ ਪਾਰਟੀ ਤੇ ਚੌਥੀ ਪਾਰਟੀ ਹੈ ਆਮ ਆਦਮੀ ਪਾਰਟੀ। ਈਡੀ ਪਾਰਟੀ ਵੱਲੋਂ ਈਡੀ ਦੀ ਵਰਤੋਂ ਕਰ ਕੇ ਵਸੂਲੀ ਕੀਤੀ ਜਾ ਰਹੀ ਹੈ। ਈਡੀ ਪਾਰਟੀ ਨੇ ਈਡੀ ਦੀ ਰੇਡ ਪਾ ਕੇ ਪੰਜਾਬ ਤੋਂ 60 ਕਰੋੜ ਰੁਪਏ ਚੰਦਾ ਇਕੱਠਾ ਕੀਤਾ ਹੈ।

More Stories
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ
ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ