ਅਜਨਾਲਾ, (ਅੰਮ੍ਰਿਤਸਰ), 3 ਜੁਲਾਈ (TLT NEWS)- ਅਜਨਾਲਾ ਹਲਕੇ ਦੇ ਪਿੰਡ ਮੋਹਨ ਭੰਡਾਰੀਆਂ ਵਿਖੇ ਨਜਾਇਜ਼ ਤੌਰ ‘ਤੇ ਚਲਾਈ ਜਾ ਰਹੀ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਕਾਰਨ ਹੋਏ ਧਮਾਕੇ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਥਾਣਾ ਝੰਡੇਰ ਵਿਖੇ ਜਸਵੰਤ ਸਿੰਘ ਦੇ ਭਰਾ ਤਰਸੇਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਦੁਪਹਿਰ ਸਮੇਂ ਪਟਾਕੇ ਅਤੇ ਆਤਿਸ਼ਬਾਜ਼ੀ ਤਿਆਰ ਕਰਨ ਵਾਲੀ ਜਗ੍ਹਾ ‘ਤੇ ਅਚਾਨਕ ਅੱਗ ਲੱਗ ਗਈ ਸੀ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ ਅਤੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ, ਜਦਕਿ ਅੱਗ ਨੇ ਕੁਝ ਹੀ ਸਮੇਂ ਵਿਚ ਪੂਰੇ ਸਥਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਧਮਾਕਾ ਹੋਣ ਕਾਰਨ ਵਰਾਂਡੇ ਦੀ ਛੱਤ ਵੀ ਢਹਿ ਢੇਰੀ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ ਅਜਨਾਲਾ ਗੁਰਦੀਪ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਝੰਡੇਰ ਦੇ ਐਸ.ਐਚ.ਓ. ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਸਨ ਤੇ ਉਨ੍ਹਾਂ ਵਲੋਂ ਕੀਤੀ ਮੁੱਢਲੀ ਜਾਂਚ ਤੋਂ ਬਾਅਦ ਨਜਾਇਜ਼ ਪਟਾਕਾ ਫੈਕਟਰੀ ਚਲਾਉਣ ਦੇ ਦੋਸ਼ ਹੇਠ ਤਰਸੇਮ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਇਸ ਗੈਰ-ਕਾਨੂੰਨੀ ਗਤੀਵਿਧੀ ਵਿਚ ਸ਼ਾਮਿਲ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ