ਗਦਈਪੁਰ ਤੇ ਸਵਰਨ ਪਾਰਕ ‘ਚ ਬਿਸਤ ਦੋਆਬ ਨਹਿਰ ਓਵਰਫਲੋਅ, ਲੋਕਾਂ ‘ਚ ਦਹਿਸ਼ਤ; ਗੰਦਗੀ ਤੇ ਟੁੱਟੇ ਕੰਢੇ ਬਣੇ ਵੱਡੀ ਸਮੱਸਿਆ

ਨਹਿਰ ’ਚ ਸਫ਼ਾਈ ਨਾ ਹੋਣ ਦਾ ਖਮਿਆਜ਼ਾ ਭੁਗਤਣ ਲੱਗੇ ਲੋਕਜਲੰਧਰ: (ਰਮੇਸ਼ ਗਾਬਾ) ਝੋਨੇ ਦੀ ਬਿਜਾਈ ਲਈ ਸੂਬਾ ਸਰਕਾਰ ਵੱਲੋਂ ਕਿਸਾਨਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ, ਪਰ ਦੂਜੇ ਪਾਸੇ ਬਿਸਤ ਦੋਆਬ ਨਹਿਰ ਦੇ ਵਾਰ-ਵਾਰ ਓਵਰਫਲੋਅ ਹੋਣ ਕਾਰਨ ਗਦਈਪੁਰ ਅਤੇ ਸਵਰਨ ਪਾਰਕ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿੱਚ ਦੂਜੀ ਵਾਰ ਨਹਿਰ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਵੱਲ ਆਉਣ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਅਤੇ ਨਗਰ ਨਿਗਮ ਵੱਲੋਂ ਸਮੇਂ ਸਿਰ ਨਹਿਰ ਦੀ ਸਫਾਈ ਨਾ ਕਰਵਾਉਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਦੋਵੇਂ ਵਿਭਾਗ ਇੱਕ-ਦੂਜੇ ‘ਤੇ ਜ਼ਿੰਮੇਵਾਰੀ ਸੁੱਟ ਰਹੇ ਹਨ, ਜਦਕਿ ਲੋਕ ਇਸ ਦੀ ਕੀਮਤ ਚੁਕਾ ਰਹੇ ਹਨ।

ਗੰਦਗੀ ਕਾਰਨ ਪਾਣੀ ਦੀ ਰਫ਼ਤਾਰ ਹੋ ਰਹੀ ਪ੍ਰਭਾਵਿਤ

ਬਿਸਤ ਦੋਆਬ ਨਹਿਰ ਵਿੱਚ ਕੂੜਾ-ਕਰਕਟ, ਪਲਾਸਟਿਕ ਦੇ ਲਿਫ਼ਾਫੇ, ਗਲੇ-ਸੜੇ ਫਲ-ਸਬਜ਼ੀਆਂ, ਖਰਾਬ ਕੱਪੜੇ, ਹਰਾ ਜਾਲਾ ਅਤੇ ਮਲਬਾ ਵੱਡੀ ਮਾਤਰਾ ਵਿੱਚ ਇਕੱਠਾ ਹੋਇਆ ਪਿਆ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਇਹ ਗੰਦਗੀ ਪਾਣੀ ਦੀ ਰਫ਼ਤਾਰ ਨੂੰ ਰੋਕਦੀ ਹੈ, ਜਿਸ ਕਾਰਨ ਪਿੱਛੇ ਤੋਂ ਆ ਰਿਹਾ ਪਾਣੀ ਦਬਾਅ ਬਣਾਉਂਦਾ ਹੈ ਅਤੇ ਕਮਜ਼ੋਰ ਥਾਵਾਂ ਤੋਂ ਨਹਿਰ ਓਵਰਫਲੋਅ ਹੋ ਜਾਂਦੀ ਹੈ।

ਟੁੱਟੇ ਕੰਢੇ ਵਧਾ ਰਹੇ ਖ਼ਤਰਾ

ਨਹਿਰ ਦੇ ਕੰਢਿਆਂ ‘ਤੇ ਰੇਹੜੀਆਂ ਅਤੇ ਕੁਝ ਉਦਯੋਗਿਕ ਇਕਾਈਆਂ ਵੱਲੋਂ ਸਮਾਨ ਅਤੇ ਮਲਬਾ ਸੁੱਟਣ ਕਾਰਨ ਕਈ ਥਾਵਾਂ ‘ਤੇ ਕੰਢੇ ਟੁੱਟ ਚੁੱਕੇ ਹਨ। ਮਿੱਟੀ ਕੱਢੇ ਜਾਣ ਨਾਲ ਬੰਨ੍ਹ ਵੀ ਕਮਜ਼ੋਰ ਹੋ ਗਏ ਹਨ, ਜਿਸ ਕਾਰਨ ਓਵਰਫਲੋਅ ਹੋਣ ਸਮੇਂ ਪਾਣੀ ਤੇਜ਼ੀ ਨਾਲ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਜਾਂਦਾ ਹੈ।

ਸਾਬਕਾ ਅਧਿਕਾਰੀ ਨੇ ਲੋਕਾਂ ਨੂੰ ਵੀ ਠਹਿਰਾਇਆ ਜ਼ਿੰਮੇਵਾਰ

ਨਹਿਰੀ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਜਸਪਾਲ ਸਿੰਘ ਨੇ ਕਿਹਾ ਕਿ ਰੋਪੜ ਤੋਂ ਆਉਣ ਵਾਲੇ ਪਾਣੀ ਨਾਲ ਪੱਤੇ ਅਤੇ ਹੋਰ ਗੰਦਗੀ ਵੀ ਵਗ ਕੇ ਆਉਂਦੀ ਹੈ। ਪੁੱਲਾਂ ਹੇਠਾਂ ਅਤੇ ਹੋਰ ਥਾਵਾਂ ‘ਤੇ ਇਹ ਗੰਦਗੀ ਫਸਣ ਨਾਲ ਪਾਣੀ ਦੀ ਰਫ਼ਤਾਰ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਨਹਿਰ ਵਿੱਚ ਕੂੜਾ ਸੁੱਟਣਾ, ਜਾਨਵਰ ਛੱਡਣਾ ਅਤੇ ਕੰਢਿਆਂ ਨੂੰ ਨੁਕਸਾਨ ਪਹੁੰਚਾਉਣਾ ਵੀ ਇਸ ਸਮੱਸਿਆ ਦਾ ਵੱਡਾ ਕਾਰਨ ਹੈ।

ਸਫਾਈ ਅਤੇ ਮੁਰੰਮਤ ਦਾ ਕੰਮ ਜਾਰੀ: ਐੱਸਡੀਓ

ਨਹਿਰੀ ਵਿਭਾਗ ਦੇ ਐੱਸਡੀਓ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਸ਼ਹਿਰੀ ਇਲਾਕੇ ਵਿੱਚ ਸਫਾਈ ਅਤੇ ਫੈਂਸਿੰਗ ਲਈ ਨਗਰ ਨਿਗਮ ਨੂੰ ਪਹਿਲਾਂ ਹੀ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਦੋ ਵਾਰ ਨਹਿਰ ਦੀ ਸਫਾਈ ਕਰਵਾਈ ਜਾ ਚੁੱਕੀ ਹੈ ਅਤੇ ਇਸ ਵੇਲੇ ਵੀ ਗਦਈਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਫਾਈ, ਮਿੱਟੀ ਦੀਆਂ ਬੋਰੀਆਂ ਨਾਲ ਬੰਨ੍ਹ ਮਜ਼ਬੂਤ ਕਰਨ ਅਤੇ ਨਹਿਰ ਦੀ ਸਮਰੱਥਾ ਅਨੁਸਾਰ ਪਾਣੀ ਛੱਡਣ ਦਾ ਕੰਮ ਜਾਰੀ ਹੈ। ਨਾਲ ਹੀ ਲੋਕਾਂ ਨੂੰ ਨਹਿਰ ਵਿੱਚ ਗੰਦਗੀ ਨਾ ਸੁੱਟਣ ਲਈ ਜਾਗਰੂਕ ਕਰਨ ਦੀ ਮੁਹਿੰਮ ਵੀ ਚਲਾਈ ਜਾਵੇਗੀ।

ਇਲਾਕਾ ਵਾਸੀਆਂ ਨੇ ਬਿਆਨ ਕੀਤਾ ਡਰ

ਸਥਾਨਕ ਨਿਵਾਸੀ ਰਾਮ ਬਰਨ ਨੇ ਦੱਸਿਆ ਕਿ ਨਹਿਰ ਦਾ ਪਾਣੀ ਦੂਜੀ ਵਾਰ ਉਨ੍ਹਾਂ ਦੇ ਘਰ ਦੇ ਨੇੜੇ ਤੱਕ ਪਹੁੰਚ ਗਿਆ। ਹਾਲਾਤ ਨੂੰ ਦੇਖਦਿਆਂ ਉਨ੍ਹਾਂ ਨੇ ਪਹਿਲਾਂ ਹੀ ਆਪਣੇ ਘਰ ਅੱਗੇ ਮਿੱਟੀ ਪਵਾ ਕੇ ਸੜਕ ਉੱਚੀ ਕਰਵਾ ਲਈ ਸੀ।

ਚੰਦਨ ਨੇ ਦੱਸਿਆ ਕਿ ਦੇਰ ਰਾਤ ਨਹਿਰ ਦਾ ਪਾਣੀ ਉਨ੍ਹਾਂ ਦੇ ਘਰ ਵੱਲ ਵਗਣਾ ਸ਼ੁਰੂ ਹੋ ਗਿਆ। ਰੌਲਾ ਸੁਣ ਕੇ ਪਰਿਵਾਰ ਅਤੇ ਗੁਆਂਢੀ ਬਾਹਰ ਨਿਕਲੇ ਅਤੇ ਤੁਰੰਤ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।

ਸੁਧੀਰ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਦੇ ਘਰ ਵਿੱਚ ਨਹਿਰ ਦਾ ਪਾਣੀ ਦਾਖ਼ਲ ਹੋ ਗਿਆ ਸੀ ਅਤੇ ਇਸ ਸਾਲ ਇਹ ਦੂਜੀ ਵਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਾਤ ਕਰੀਬ ਇੱਕ ਵਜੇ ਪਾਣੀ ਦੀ ਆਵਾਜ਼ ਸੁਣ ਕੇ ਜਦੋਂ ਬਾਹਰ ਆਏ ਤਾਂ ਨਹਿਰ ਦਾ ਪਾਣੀ ਤੇਜ਼ੀ ਨਾਲ ਘਰਾਂ ਵੱਲ ਆ ਰਿਹਾ ਸੀ। ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਮਿੱਟੀ ਦੀਆਂ ਬੋਰੀਆਂ ਲਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਗਦਈਪੁਰ ਅਤੇ ਸਵਰਨ ਪਾਰਕ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰ ਦੀ ਨਿਯਮਿਤ ਸਫਾਈ, ਕੰਢਿਆਂ ਦੀ ਮਜ਼ਬੂਤੀ ਅਤੇ ਗੰਦਗੀ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।