ਜਲੰਧਰ, 19 ਜੁਲਾਈ (ਰਮੇਸ਼ ਗਾਬਾ): ਸਥਾਨਕ ਪੰਜਾਬ ਪ੍ਰੈੱਸ ਕਲੱਬ ਵੱਲੋਂ ਸਖ਼ਤ ਗਰਮੀ ਦੇ ਮੱਦੇਨਜ਼ਰ ਰਾਹਗੀਰਾਂ, ਖਾਸ ਕਰਕੇ ਨਹਿਰੂ ਗਾਰਡਨ ਸਕੂਲ ਦੀਆਂ ਵਿਦਿਆਰਥਣਾਂ ਨੂੰ ਠੰਢੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਕਲੱਬ ਵਿਖੇ ਪਹਿਲਾਂ ਤੋਂ ਲੱਗੇ ਵਾਟਰ ਕੂਲਰ ਦੀ ਸਮਰੱਥਾ ਨੂੰ ਤਿੰਨ ਗੁਣਾ ਵਧਾਉਂਦਿਆਂ, ਆਰ.ਓ. ਸਿਸਟਮ ਸਮੇਤ ਨਵਾਂ ਵਾਟਰ ਕੂਲਰ ਸਥਾਪਤ ਕੀਤਾ ਗਿਆ ਹੈ। ਇਹ ਨੇਕ ਕਾਰਜ ‘ਤੇਰਾ ਆਸਰਾ ਟਰੱਸਟ’ ਦੇ ਸੰਸਥਾਪਕ, ਇੰਗਲੈਂਡ ਵਾਸੀ ਬਾਬਾ ਪੁਪਿੰਦਰ ਸਿੰਘ ਦੀ ਆਰਥਿਕ ਸਹਾਇਤਾ ਅਤੇ ਪ੍ਰੈੱਸ ਕਲੱਬ ਦੇ ਮੈਂਬਰ ਦਵਿੰਦਰ ਸਿੰਘ (ਜ਼ੀਰੋਲਾਈਨ ਚੈਨਲ) ਦੇ ਸੁਹਿਰਦ ਯਤਨਾਂ ਸਦਕਾ ਨੇਪਰੇ ਚੜ੍ਹਿਆ।
ਇਸ ਨਵੇਂ ਵਾਟਰ ਕੂਲਰ ਦਾ ਉਦਘਾਟਨ ਨਹਿਰੂ ਗਾਰਡਨ ਸਕੂਲ ਦੀ ਵਿਦਿਆਰਥਣ ਸੁਖਜੀਤ ਕੌਰ ਦੇ ਕਰ-ਕਮਲਾਂ ਰਾਹੀਂ ਕਰਵਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਦਵਿੰਦਰ ਸਿੰਘ ਵਰਗੇ ਮੈਂਬਰ ਸਾਰਿਆਂ ਲਈ ਪ੍ਰੇਰਨਾਸ੍ਰੋਤ ਹਨ, ਜਿਨ੍ਹਾਂ ਨੇ ਆਮ ਲੋਕਾਂ ਦੀ ਭਲਾਈ ਲਈ ਇਹ ਪਹਿਲਕਦਮੀ ਕੀਤੀ ਹੈ। ਉਨ੍ਹਾਂ ਨੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਅਜਿਹੇ ਸਮਾਜ ਭਲਾਈ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਬਾ ਪੁਪਿੰਦਰ ਸਿੰਘ ਤੇ ਦਵਿੰਦਰ ਸਿੰਘ ਦਾ ਇਸ ਵਿਸ਼ੇਸ਼ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਆਪਣੇ ਸੰਬੋਧਨ ਵਿੱਚ ਦਵਿੰਦਰ ਸਿੰਘ (ਜ਼ੀਰੋਲਾਈਨ) ਨੇ ਕਿਹਾ ਕਿ ਪ੍ਰੈੱਸ ਕਲੱਬ ਸਭ ਨੂੰ ਸਤਿਕਾਰ ਅਤੇ ਇੱਕ ਵਧੀਆ ਮੰਚ ਪ੍ਰਦਾਨ ਕਰਦਾ ਹੈ, ਇਸ ਲਈ ਇਸ ਦੀ ਬਿਹਤਰੀ ਲਈ ਸਾਰਿਆਂ ਨੂੰ ਰਲ-ਮਿਲ ਕੇ ਉੱਦਮ ਕਰਨੇ ਚਾਹੀਦੇ ਹਨ। ਉਦਘਾਟਨ ਕਰਨ ਵਾਲੀ ਵਿਦਿਆਰਥਣ ਸੁਖਜੀਤ ਕੌਰ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪ੍ਰੈੱਸ ਕਲੱਬ ਵਿਖੇ ਆਉਣ ਅਤੇ ਇਸ ਨੇਕ ਕਾਰਜ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਣ ‘ਤੇ ਉਹ ਬਹੁਤ ਮਾਣ ਮਹਿਸੂਸ ਕਰ ਰਹੀ ਹੈ।
ਇਸ ਮੌਕੇ ਗਵਰਨਿੰਗ ਕੌਂਸਲ ਦੇ ਸ਼ਿਵ ਸ਼ਰਮਾ, ਤੇਜਿੰਦਰ ਕੌਰ ਥਿੰਦ, ਰਾਜੇਸ਼ ਯੋਗੀ, ਸੁਕਰਾਂਤ ਸਫਰੀ, ਜਤਿੰਦਰ ਪਾਲ ਸਿੰਘ, ਰਮੇਸ਼ ਗਾਬਾ, ਮਦਨ ਭਾਰਦਵਾਜ, ਅਸ਼ੋਕ ਖੰਨਾ, ਦਲਵੀਰ ਸਿੰਘ, ਹਰਵਿੰਦਰ ਸਿੰਘ ਫੁੱਲ, ਦਵਿੰਦਰ ਸ਼ਰਮਾ, ਸੁਭਾਸ਼ ਸ਼ਰਮਾ ਅਤੇ ਸ਼ਿਵਮ ਸਮੇਤ ਕਲੱਬ ਦੇ ਹੋਰ ਪਤਵੰਤੇ ਮੈਂਬਰ ਹਾਜ਼ਰ ਸਨ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*