ਪਟਿਆਲਾ, 24 ਜੁਲਾਈ:TLT NEWS/ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵੱਲੋਂ ਨਵੇਂ ਬਿਲਿੰਗ ਸਾਫਟਵੇਅਰ ਨੂੰ ਲਾਗੂ ਕਰਨ ਅਤੇ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਸੂਬੇ ਭਰ ਦੇ ਕਰੀਬ 19 ਲੱਖ ਬਿਜਲੀ ਖਪਤਕਾਰਾਂ ਨੂੰ ਬਿਲਿੰਗ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਖਪਤਕਾਰਾਂ ਨੂੰ ਕਈ ਮਹੀਨਿਆਂ ਦੇ ਇਕੱਠੇ ਅਤੇ ਵੱਡੀ ਰਕਮ ਵਾਲੇ ਬਿਜਲੀ ਬਿੱਲ ਮਿਲਣ ਕਾਰਨ ਚਿੰਤਾ ਵਧ ਗਈ ਹੈ।
ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ ‘ਸਿੰਗਲ ਬਿਲਿੰਗ ਸਿਸਟਮ’ ਤਹਿਤ ਪੁਰਾਣੇ ਬਿਲਿੰਗ ਪਲੇਟਫਾਰਮ ਦੀ ਥਾਂ ਨਵੇਂ ‘ਕਸਟਮਰ ਕੇਅਰ ਬਿਲਿੰਗ’ ਸਿਸਟਮ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਅਸਲ ਮੀਟਰ ਰੀਡਿੰਗ ਨਹੀਂ ਹੋ ਸਕੀ, ਜਿਸ ਕਾਰਨ ਵਿਭਾਗ ਨੇ ਔਸਤ ਖਪਤ ਦੇ ਆਧਾਰ ‘ਤੇ ਬਿੱਲ ਜਾਰੀ ਕੀਤੇ। ਖ਼ਾਸ ਤੌਰ ‘ਤੇ ਬਿਨਾਂ ਸਮਾਰਟ ਮੀਟਰ ਵਾਲੇ ਖਪਤਕਾਰਾਂ ਨੂੰ ਚਾਰ ਤੋਂ ਪੰਜ ਮਹੀਨਿਆਂ ਦੇ ਇਕੱਠੇ ਬਿੱਲ ਮਿਲੇ ਹਨ।
ਪਟਿਆਲਾ ਦੇ ਖਪਤਕਾਰਾਂ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਮੀਟਰ ਰੀਡਿੰਗ ਨਹੀਂ ਲਈ ਗਈ, ਪਰ ਉਨ੍ਹਾਂ ਨੂੰ 10 ਤੋਂ 12 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਦੇ ਬਿੱਲ ਭੇਜੇ ਗਏ ਹਨ। ਕੁਝ ਖਪਤਕਾਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਮਾਰਟ ਮੀਟਰ ਲਗਣ ਤੋਂ ਬਾਅਦ ਯੂਨਿਟਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਅਤੇ ਮੁਫ਼ਤ ਬਿਜਲੀ ਸਕੀਮ ਦਾ ਲਾਭ ਵੀ ਪ੍ਰਭਾਵਿਤ ਹੋ ਰਿਹਾ ਹੈ।
ਇਸ ਮਾਮਲੇ ‘ਤੇ ਪੀ.ਐੱਸ.ਪੀ.ਸੀ.ਐੱਲ. ਦੇ ਚੀਫ਼ ਇੰਜੀਨੀਅਰ (ਮੀਟਰਿੰਗ) ਯੁਗੇਸ਼ ਸ਼ਰਮਾ ਨੇ ਕਿਹਾ ਕਿ ਮੀਟਰ ਰੀਡਰਾਂ ਦੇ ਕੰਮ ‘ਤੇ ਵਾਪਸ ਆਉਣ ਨਾਲ ਰੀਡਿੰਗ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਾਫਟਵੇਅਰ ਨਾਲ ਜੁੜੀਆਂ ਸਮੱਸਿਆਵਾਂ ਵੀ ਲਗਭਗ ਦੂਰ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਬਿਲਿੰਗ ਪ੍ਰਣਾਲੀ ਪੂਰੀ ਤਰ੍ਹਾਂ ਸਧਾਰਨ ਹੋ ਜਾਵੇਗੀ।
ਉੱਧਰ ਪਾਵਰਕਾਮ ਦੇ ਸੀਐੱਮਡੀ ਬਸੰਤ ਗਰਗ ਨੇ ਦੱਸਿਆ ਕਿ ਸੂਬੇ ਭਰ ਵਿੱਚ 900 ਮੀਟਰ ਰੀਡਰ ਫੀਲਡ ਵਿੱਚ ਕੰਮ ਕਰ ਰਹੇ ਹਨ, ਜਦਕਿ ਹੋਰ 300 ਕਰਮਚਾਰੀ ਵੀ ਰੀਡਿੰਗ ਦੇ ਕੰਮ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਖਪਤਕਾਰ ਨੂੰ ਬਿੱਲ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਆਪਣੇ ਸਬੰਧਤ ਬਿਜਲੀ ਡਿਵੀਜ਼ਨ ਦਫ਼ਤਰ ਨਾਲ ਸੰਪਰਕ ਕਰਕੇ ਉਸ ਦਾ ਹੱਲ ਕਰਵਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸੋਲਰ ਬਿਜਲੀ ਬਿੱਲਾਂ ਦੀ ਐਡਜਸਟਮੈਂਟ ਨਾਲ ਜੁੜੀ ਸਮੱਸਿਆ ਦਾ ਵੀ ਨਿਪਟਾਰਾ ਕਰ ਦਿੱਤਾ ਗਿਆ ਹੈ।

More Stories
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਦਿੱਲੀ: ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਦਾ ਐਨਕਾਊਂਟਰ ਦੌਰਾਨ ਕਾਬੂ, ਦੋ ਹਾਲੇ ਵੀ ਫ਼ਰਾਰ