ਸੀਨੀਅਰ ਪੱਤਰਕਾਰ ਤੇ ਲੇਖਕ ਮੇਹਰ ਮਲਿਕ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨ

ਮੁੱਖ ਮੰਤਰੀ ਨੇ ਮੇਹਰ ਮਲਿਕ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਿਤਜਲੰਧਰ:(ਰਮੇਸ਼ ਗਾਬਾ) : ਸੀਨੀਅਰ ਪੱਤਰਕਾਰ ਅਤੇ ਲੇਖਕ ਮੇਹਰ ਮਲਿਕ ਨੂੰ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਵਿਖੇ 15 ਅਗਸਤ ਨੂੰ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸਾਲ 1970 ਤੋਂ ਹੁਣ ਤੱਕ ਪੰਜਾਬ ਦੇ ਵੱਖ-ਵੱਖ ਅਖ਼ਬਾਰਾਂ ਵਿੱਚ ਪੱਤਰਕਾਰੀ ਅਤੇ ਲੇਖਣੀ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਦਾਨ ਕੀਤਾ ਗਿਆ।

ਮੇਹਰ ਮਲਿਕ ਨੇ ਆਪਣੀ ਪੱਤਰਕਾਰੀ ਦੇ ਨਾਲ-ਨਾਲ ਸਾਹਿਤ ਦੇ ਖੇਤਰ ਵਿੱਚ ਵੀ ਵਿਸ਼ੇਸ਼ ਪਛਾਣ ਬਣਾਈ ਹੈ। ਉਹ ਹੁਣ ਤੱਕ ਪੰਜਾਬੀ ਵਿੱਚ 7 ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਦੀਆਂ ਰਚਨਾਵਾਂ ਰਾਹੀਂ ਪੰਜਾਬੀ ਭਾਸ਼ਾ, ਪੰਜਾਬ ਦੀ ਵਿਰਾਸਤ ਅਤੇ ਪਿੰਡਾਂ ਦੇ ਸੱਭਿਆਚਾਰ ਨਾਲ ਜੁੜੇ ਵਿਸ਼ਿਆਂ ਨੂੰ ਪਾਠਕਾਂ ਤੱਕ ਪਹੁੰਚਾਇਆ ਗਿਆ ਹੈ, ਜਿਨ੍ਹਾਂ ਦੀ ਵੱਖ-ਵੱਖ ਪਲੇਟਫਾਰਮਾਂ ’ਤੇ ਸ਼ਲਾਘਾ ਹੋਈ ਹੈ।

ਉਨ੍ਹਾਂ ਦੀ ਪਹਿਲੀ ਕਿਤਾਬ ‘ਜਿਉਂਦੇ ਜੀ ਰੰਡੇਪਾ’ ਸਾਲ 2016 ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਬਾਅਦ 2018 ਵਿੱਚ ‘ਚੰਨਣ ਲਾਗੀ’, 2019 ਵਿੱਚ ‘ਭੋਲੀ ਦਾ ਕਰਵਾਚੌਥ’, 2021 ਵਿੱਚ ‘ਵੇਸਵਾ’, 2023 ਵਿੱਚ ‘ਪੰਜੇਬਾਂ’ ਅਤੇ 2025 ਵਿੱਚ ‘ਮੈਂ ਕਿਹਾ ਸੀ ਨਾ…’ ਪ੍ਰਕਾਸ਼ਿਤ ਹੋਈਆਂ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਹੋਰ ਕਿਤਾਬਾਂ ਵੀ ਜਲਦ ਪ੍ਰਕਾਸ਼ਿਤ ਹੋਣ ਜਾ ਰਹੀਆਂ ਹਨ।

ਸਨਮਾਨ ਸਮਾਰੋਹ ਦੌਰਾਨ ਮੇਹਰ ਮਲਿਕ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀਆਂ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਜਲੰਧਰ ਪ੍ਰਸ਼ਾਸਨ ਵੱਲੋਂ 26 ਜਨਵਰੀ 2025 ਨੂੰ ਮੀਡੀਆ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਮੇਹਰ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਰਾਹੀਂ ਪੰਜਾਬ ਦੇ ਉਨ੍ਹਾਂ ਸ਼ਬਦਾਂ ਅਤੇ ਰਵਾਇਤਾਂ ਨੂੰ ਸੰਭਾਲਣ ਦਾ ਯਤਨ ਕੀਤਾ ਹੈ, ਜਿਨ੍ਹਾਂ ਨੂੰ ਅੱਜ ਦੀ ਪੀੜ੍ਹੀ ਹੌਲੀ-ਹੌਲੀ ਭੁੱਲਦੀ ਜਾ ਰਹੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਅਤੇ ਪਿੰਡਾਂ ਦੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਆਧੁਨਿਕ ਦੌਰ ਵਿੱਚ ਲੋਕ ਆਪਣੀ ਪੰਜਾਬੀ ਭਾਸ਼ਾ ਅਤੇ ਪਿੰਡਾਂ ਦੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ, ਪਰ ਪੰਜਾਬ ਦੀ ਅਸਲ ਝਲਕ ਅੱਜ ਵੀ ਪਿੰਡਾਂ ਵਿੱਚੋਂ ਹੀ ਨਜ਼ਰ ਆਉਂਦੀ ਹੈ। ਇਸ ਲਈ ਸਾਨੂੰ ਆਪਣੀ ਮਿੱਟੀ ਅਤੇ ਮਾਂ ਬੋਲੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਪੰਜਾਬ ਦੇ ਵੱਖ-ਵੱਖ ਅਖ਼ਬਾਰਾਂ ਵਿੱਚ ਨਿਰੰਤਰ ਆਪਣੇ ਲੇਖ ਲਿਖ ਰਹੇ ਹਨ।