ਐੱਲਪੀਯੂ ਮਾਮਲੇ ’ਚ ਜਬਰ-ਜਨਾਹ ਦੇ ਦੋਸ਼ ਅਤੇ ਹਿੰਸਾ ਦੀ ਨਿਰਪੱਖ ਜਾਂਚ ਹੋਵੇ: ਐਡਵੋਕੇਟ ਗੁਰਜੀਤ ਸਿੰਘ ਕਾਹਲੋਂ

ਜਲੰਧਰ(ਰਮੇਸ਼ ਗਾਬਾ) ਐਡਵੋਕੇਟਸ ਫ਼ਾਰ ਫਾਰਮਰਜ਼ ਐਂਡ ਲੇਬਰਰਜ਼ ਦੇ ਪ੍ਰਧਾਨ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਚ ਵਾਪਰੀ ਹਿੰਸਾ, ਭੰਨਤੋੜ ਤੇ ਜਨਤਕ ਜੀਵਨ ਵਿਚ ਪਏ ਵਿਘਨ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਸੁਰੱਖਿਆ ਬਾਰੇ ਉੱਠੀਆਂ ਚਿੰਤਾਵਾਂ ਨੂੰ ਵੀ ਪੂਰੀ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ। ਕਾਹਲੋਂ ਨੇ ਮੰਗ ਕੀਤੀ ਕਿ ਜਬਰ-ਜਨਾਹ ਦੇ ਲੱਗੇ ਦੋਸ਼ ਦੀ ਨਿਰਪੱਖ, ਡੂੰਘਾਈ ਨਾਲ ਤੇ ਸਮਾਂਬੱਧ ਜਾਂਚ ਕੀਤੀ ਜਾਵੇ। ਸਾਰੇ ਉਪਲੱਬਧ ਸਬੂਤਾਂ ਦੀ ਜਾਂਚ ਹੋਵੇ, ਸੰਭਾਵਿਤ ਪੀੜਤਾ ਦੀ ਪਛਾਣ ਤੇ ਨਿੱਜਤਾ ਦੀ ਰੱਖਿਆ ਕੀਤੀ ਜਾਵੇ ਤੇ ਕਿਸੇ ਵੀ ਗਵਾਹ ਜਾਂ ਵਿਦਿਆਰਥੀ ’ਤੇ ਦਬਾਅ ਨਾ ਪੈਣ ਦਿੱਤਾ ਜਾਵੇ। ਜਾਂਚ ਪੂਰੀ ਹੋਣ ਤੋਂ ਪਹਿਲਾਂ ਨਾ ਦੋਸ਼ ਨੂੰ ਸੱਚ ਮੰਨਿਆ ਜਾਵੇ ਤੇ ਨਾ ਹੀ ਉਸ ਨੂੰ ਬਿਨਾਂ ਜਾਂਚ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਿੰਸਾ ਦੇ ਪਿੱਛੇ ਕਿਸੇ ਬਾਹਰੀ ਵਿਅਕਤੀ ਜਾਂ ਰਾਜਨੀਤਿਕ ਹਿਤ ਦੀ ਭੂਮਿਕਾ ਹੋਣ ਦੀ ਸੰਭਾਵਨਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਪੰਜਾਬ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਲਈ ਕੋਈ ਡੂੰਘੀ ਸਾਜ਼ਿਸ਼ ਰਚੀ ਗਈ ਹੈ ਤਾਂ ਉਸ ਦਾ ਸੱਚ ਸਬੂਤਾਂ ਦੇ ਆਧਾਰ ’ਤੇ ਸਾਹਮਣੇ ਲਿਆਂਦਾ ਜਾਵੇ ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਵੇ। ਕਾਹਲੋਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ, ਆਪਣੀਆਂ ਮੰਗਾਂ ਲੋਕਤੰਤਰਿਕ ਤੇ ਸ਼ਾਂਤਮਈ ਢੰਗ ਨਾਲ ਰੱਖਣ ਤੇ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਹੋਰ ਧਿਰ ਦੇ ਹੱਥਾਂ ’ਚ ਨਾ ਖੇਡਣ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਸੁਰੱਖਿਆ ਸਬੰਧੀ ਚਿੰਤਾਵਾਂ ਦੂਰ ਕੀਤੀਆਂ ਜਾਣ ਤੇ ਜਾਂਚ ਦੀ ਪ੍ਰਮਾਣਿਤ ਜਾਣਕਾਰੀ ਸਮੇਂ ਸਿਰ ਸਾਂਝੀ ਕੀਤੀ ਜਾਵੇ।