ਸੱਚਖੰਡ ਵਾਸੀ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਵੇਂ ਜਨਮ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ

TLT NEWS/ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਾਬਕਾ ਪ੍ਰਧਾਨ ਸੱਚਖੰਡ ਵਾਸੀ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਸਮਾਗਮ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਪਵਿੱਤਰ ਮੌਕੇ ਵਿਦਿਆਰਥੀਆਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਅੰਮ੍ਰਿਤ ਪਾਨ ਕਰਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦਾ ਸੰਕਲਪ ਲਿਆ।

ਇਸ ਮੌਕੇ ਅਕਾਲ ਅਕੈਡਮੀ ਥੇਹ ਕਲੰਦਰ ਦੀ ਪ੍ਰਿੰਸੀਪਲ ਗੁਰਜੀਤ ਕੌਰ ਨੇ ਅੰਮ੍ਰਿਤ ਪਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਤ ਬਾਬਾ ਇਕਬਾਲ ਸਿੰਘ ਜੀ ਦਾ ਸਮੁੱਚਾ ਜੀਵਨ ਸਿੱਖਿਆ, ਸੇਵਾ, ਸਿਮਰਨ ਅਤੇ ਗੁਰਮਤਿ ਦੇ ਪ੍ਰਸਾਰ ਨੂੰ ਸਮਰਪਿਤ ਰਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਅਤੇ ਸੇਵਾ ਤੇ ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਇਹ ਪਵਿੱਤਰ ਸਮਾਗਮ ਵਿਦਿਆਰਥੀਆਂ ਲਈ ਅਧਿਆਤਮਿਕ ਪ੍ਰੇਰਣਾ ਪ੍ਰਾਪਤ ਕਰਨ, ਚਰਿੱਤਰ ਨਿਰਮਾਣ ਕਰਨ ਅਤੇ ਸਿੱਖ ਵਿਰਾਸਤ ਨਾਲ ਆਪਣਾ ਨਾਤਾ ਹੋਰ ਮਜ਼ਬੂਤ ਕਰਨ ਦਾ ਮਹੱਤਵਪੂਰਨ ਮੌਕਾ ਸਾਬਤ ਹੋਇਆ।