ਜਲੰਧਰ, 5 ਸਤੰਬਰ :(ਰਮੇਸ਼ ਗਾਬਾ) ਸਥਾਨਕ ਵਾਰਡ ਨੰਬਰ 40 ਅਧੀਨ ਆਉਂਦੇ ਦਿਓਲ ਨਗਰ ਦੀ ਇਕੋ-ਇਕ ਮਾਰਕੀਟ ਦੇ ਦੁਕਾਨਦਾਰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਕਾਫ਼ੀ ਪ੍ਰੇਸ਼ਾਨ ਹਨ। ਮਾਮੂਲੀ ਜਿਹੀ ਬਰਸਾਤ ਹੋਣ ’ਤੇ ਹੀ ਮਾਰਕੀਟ ਦੇ ਸਾਹਮਣੇ ਸੜਕ ਪਾਣੀ ਨਾਲ ਭਰ ਜਾਂਦੀ ਹੈ ਅਤੇ ਕੁਝ ਹੀ ਸਮੇਂ ਵਿੱਚ ਸੜਕ ਨਹਿਰ ਦਾ ਰੂਪ ਧਾਰ ਲੈਂਦੀ ਹੈ।
ਮਾਰਕੀਟ ਦੇ ਦੁਕਾਨਦਾਰਾਂ ਅਰੋੜਾ, ਸੰਤੋਸ਼ ਕੁਮਾਰ, ਰਾਜੇਸ਼ ਕੁਮਾਰ, ਪ੍ਰਦੀਪ ਕੁਮਾਰ, ਹਰਕੀਕਤ ਸਿੰਘ ਟਿੰਕੂ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਬਰਸਾਤ ਭਾਵੇਂ ਸਿਰਫ਼ 10 ਮਿੰਟ ਹੀ ਕਿਉਂ ਨਾ ਹੋਵੇ, ਪਰ ਦੁਕਾਨਾਂ ਦੇ ਸਾਹਮਣੇ ਪਾਣੀ ਦਿਨ ਭਰ ਖੜ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਗੇ ਵਾਲੀ ਸੜਕ ਕਾਫ਼ੀ ਉੱਚੀ ਹੋਣ ਕਾਰਨ ਬਰਸਾਤ ਦਾ ਸਾਰਾ ਪਾਣੀ ਦੁਕਾਨਾਂ ਦੇ ਸਾਹਮਣੇ ਨੀਵੀਂ ਸੜਕ ’ਤੇ ਇਕੱਠਾ ਹੋ ਜਾਂਦਾ ਹੈ।
ਦੁਕਾਨਦਾਰਾਂ ਮੁਤਾਬਕ ਮਾਰਕੀਟ ਦੀ ਇਹ ਸੜਕ ਕਈ ਸਾਲਾਂ ਤੋਂ ਨਹੀਂ ਬਣਾਈ ਗਈ। ਇਸ ਦੇ ਨਾਲ ਹੀ ਸੜਕ ’ਤੇ ਬਣੀਆਂ ਰੋਡ ਗਲੀਆਂ (ਸਾਈਡ ਨਾਲੀਆਂ) ਦੀ ਸਫ਼ਾਈ ਵੀ ਕਈ-ਕਈ ਮਹੀਨਿਆਂ ਤੱਕ ਨਹੀਂ ਕੀਤੀ ਜਾਂਦੀ। ਰੋਡ ਗਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ ਅਤੇ ਪਾਣੀ ਲੰਬੇ ਸਮੇਂ ਤੱਕ ਸੜਕ ’ਤੇ ਖੜ੍ਹਾ ਰਹਿੰਦਾ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਵੀ ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੇ ਇਲਾਕੇ ਦੇ ਭਾਜਪਾ ਕੌਂਸਲਰ ਅਜੇ ਬੱਬਲ ਨਾਲ ਗੱਲਬਾਤ ਕੀਤੀ। ਕੌਂਸਲਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਨਿਗਮ ਦੀ ਟੀਮ ਨੂੰ ਮੌਕੇ ’ਤੇ ਭੇਜਿਆ, ਜਿਸ ਵੱਲੋਂ ਸਫ਼ਾਈ ਕਰਵਾਈ ਗਈ।
ਕੌਂਸਲਰ ਅਜੇ ਬੱਬਲ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਰੋਡ ਗਲੀਆਂ ਦੀ ਸਫ਼ਾਈ ਵੀ ਜਲਦ ਕਰਵਾਉਣ ਲਈ ਨਿਗਮ ਕਰਮਚਾਰੀਆਂ ਨੂੰ ਕਿਹਾ ਜਾਵੇਗਾ, ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਹੋ ਸਕੇ ਅਤੇ ਦੁਕਾਨਦਾਰਾਂ ਨੂੰ ਰੋਜ਼ਾਨਾ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।

More Stories
ਸੀਟੀ ਗਰੁੱਪ ਦੇ ਕੈਂਪਸ ਹੋਏ ਕ੍ਰਿਸ਼ਨਮਈ, ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ
ਸਿਵਲ ਹਸਪਤਾਲ ਦੀ ਬਦਹਾਲ ਵਿਵਸਥਾ ’ਤੇ ਡਾਇਰੈਕਟਰ ਖਫ਼ਾ, ਸਟਾਫ ਨੂੰ 15 ਦਿਨਾਂ ਦੀ ਆਖਰੀ ਮੋਹਲਤ
ਕੈਬਨਿਟ ਮੰਤਰੀ ਨੇ ਵਾਰਡ ਨੰਬਰ 44 ‘ਚ 15 ਲੱਖ ਰੁਪਏ ਦੀ ਲਾਗਤ ਵਾਲੇ ਸੀਵਰੇਜ ਕੰਮਾਂ ਦੀ ਸ਼ੁਰੂਆਤ ਕਰਵਾਈ