ਪੰਜਾਬ ਵਿਧਾਨ ਸਭਾ ਨੇ ਤਰਨਤਾਰਨ ਸੀਟ ਖਾਲੀ ਐਲਾਨੀ, ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਪਿਛਲੇ ਦਿਨੀਂ ਹੋਇਆ ਸੀ ਦੇਹਾਂਤ

ਚੰਡੀਗੜ੍ਹ (TLT) ਪੰਜਾਬ ਵਿਧਾਨ ਸਭਾ ਨੇ ਤਰਨਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ, ਜਿਨ੍ਹਾਂ ਦਾ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ, ਦੀ ਸੀਟ ਨੂੰ ਖਾਲੀ ਐਲਾਨ ਕਰ ਕੇ ਚੋਣ ਕਮਿਸ਼ਨ ਨੂੰ ਸੂਚਨਾ ਦੇ ਦਿੱਤੀ ਹੈ। ਹੁਣ ਇਹ ਸੀਟ ਜ਼ਿਮਨੀ ਚੋਣ ਕਰਵਾਉਣ ਲਈ ਖਾਲੀ ਹੈ। ਛੇ ਮਹੀਨੇ ਦੇ ਅੰਦਰ ਚੋਣ ਕਮਿਸ਼ਨ ਕਿਸੇ ਵੀ ਸਮੇਂ ਇਸ ’ਤੇ ਚੋਣਾਂ ਦਾ ਐਲਾਨ ਕਰ ਸਕਦਾ ਹੈ। ਇਹ ਸੀਟ 27 ਜੂਨ ਤੋਂ ਖਾਲੀ ਐਲਾਨ ਕੀਤੀ ਗਈ ਹੈ ਜਿਸ ਦਿਨ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋਇਆ ਸੀ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀਰਵਾਰ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੇ ਪਿੱਛੇ ਤਰਨਤਾਰਨ ’ਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਵੀ ਦੇਖਿਆ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਜਦ ਵੀ ਇੱਥੇ ਚੋਣ ਲੜਨ ਲਈ ਉਤਰੇਗੀ, ਉਹ ਉਥੇ ਦੇ ਸਥਾਨਕ ਲੋਕਾਂ ਨੂੰ ਉਨ੍ਹਾਂ ਵੱਲੋਂ ਪਾਰਟੀ ਦੇ ਚੁਣੇ ਹੋਏ ਵਿਧਾਇਕ ਨੂੰ ਮੰਤਰੀ ਅਹੁਦਾ ਦੇਣ ਦਾ ਵਾਅਦਾ ਕਰ ਸਕਦੀ ਹੈ। ਅਜਿਹਾ ਪਿਛਲੀਆਂ ਦੋ ਜ਼ਿਮਨੀ ਚੋਣਾਂ ’ਚ ਦੇਖਣ ਨੂੰ ਮਿਲਿਆ ਹੈ। ਜਲੰਧਰ ਪੱਛਮੀ ਤੋਂ ਜਿੱਤੇ ਮੋਹਿੰਦਰ ਭਗਤ ਤੇ ਲੁਧਿਆਣਾ ਪੱਛਮ ਤੋਂ ਜਿੱਤੇ ਸੰਜੀਵ ਅਰੋੜਾ ਨੂੰ ਪਾਰਟੀ ਨੇ ਮੰਤਰੀ ਅਹੁਦੇ ਨਾਲ ਨਵਾਜਿਆ ਹੈ। ਇਨ੍ਹਾਂ ਦੋਵਾਂ ਸੀਟਾਂ ’ਤੇ ਪਾਰਟੀ ਵੱਲੋਂ ਆਪਣੇ ਪ੍ਰਚਾਰ ’ਚ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਜ਼ਿਮਨੀ ਚੋਣ ’ਚ ਉਨ੍ਹਾਂ ਦੇ ਉਮੀਦਵਾਰ ਨੂੰ ਜੇਤੂ ਬਣਾਉਣ ਫਿਰ ਉਨ੍ਹਾਂ ਨੂੰ ਸਰਕਾਰ ’ਚ ਮੰਤਰੀ ਬਣਾਇਆ ਜਾਵੇਗਾ। ਪਾਰਟੀ ਨੇ ਆਪਣਾ ਇਹ ਵਾਅਦਾ ਪੂਰਾ ਵੀ ਕੀਤਾ ਹੈ। ਮਾਝਾ ’ਚ ਪਹਿਲਾਂ ਤੋਂ ਹੀ ਤਿੰਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਮੇਤ ਹਰਭਜਨ ਸਿੰਘ ਈਟੀਓ ਤੇ ਲਾਲ ਚੰਦ ਕਟਾਰੂਚੱਕ ਮੰਤਰੀ ਹਨ, ਇਸ ਕਾਰਨ ਪਾਰਟੀ ਨੇ ਮਾਝਾ ਤੋਂ ਇਕ ਮੰਤਰੀ ਘਟਾਉਣ ਦੇ ਲਈ ਕੁਲਦੀਪ ਧਾਲੀਵਾਲ ਦੀ ਅਜਨਾਲਾ ਸੀਟ ਖਾਲੀ ਕਰਵਾ ਲਈ ਹੈ। ਇਸ ਤਰ੍ਹਾਂ ਧਾਲੀਵਾਲ ਦੇ ਹਟਣ ਤੋਂ ਬਾਅਦ ਜੇ ਤਰਨਤਾਰਨ ਜ਼ਿਮਨੀ ਚੋਣ ’ਚ ਆਪ ਉਮੀਦਵਾਰ ਜਿੱਤਦਾ ਹੈ ਤਾਂ ਉਸ ਨੂੰ ਬਿਨਾਂ ਅੜਿੱਕੇ ਮੰਤਰੀ ਬਣਾਇਆ ਜਾ ਸਕੇਗਾ।