ਪਾਕਿਸਤਾਨੀ ਖਿਡਾਰੀਆਂ ਦਾ ਭਾਰਤ ’ਚ ਖੇਡਣ ਦਾ ਰਾਹ ਪੱਧਰਾ, ਏਸ਼ੀਆ ਕੱਪ ’ਚ ਹਿੱਸਾ ਲੈਣ ਭਾਰਤ ਆਵੇਗੀ ਹਾਕੀ ਟੀਮ

ਨਵੀਂ ਦਿੱਲੀ (TLT) ਪਾਕਿਸਤਾਨ ਦੀ ਹਾਕੀ ਟੀਮ ਨੂੰ ਅਗਲੇ ਮਹੀਨੇ ਭਾਰਤ ’ਚ ਏਸ਼ੀਆ ਕੱਪ ਤੇ ਨਵੰਬਰ-ਦਸੰਬਰ ’ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ’ਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦੇ ਨਾਲ ਹੀ ਕੇਂਦਰ ਸਰਕਾਰ ਨੇ ਗੁਆਂਢੀ ਦੇਸ਼ ਦੇ ਖਿਡਾਰੀਆਂ ਦੇ ਇੱਥੇ ਹੋਣ ਵਾਲੀਆਂ ਬਹੁਦੇਸ਼ੀ ਚੈਂਪੀਅਨਸ਼ਿਪਾਂ ’ਚ ਹਿੱਸਾ ਲੈਣ ਦੇ ਰਾਹ ਖੋਲ੍ਹ ਦਿੱਤੇ ਹਨ। ਖੇਡ ਮੰਤਰਾਲੇ ਦੇ ਸੂਤਰ ਨੇ ਕਿਹਾ ਕਿ ਬਹੁਦੇਸ਼ੀ ਟੀਮਾਂ ਦੇ ਟੂਰਨਾਮੈਂਟ ’ਚ ਅਸੀਂ ਆਪਣੀ ਟੀਮ ਨੂੰ ਪਾਕਿਸਤਾਨ ਨਾਲ ਖੇਡਣ ਤੋਂ ਨਹੀਂ ਰੋਕਾਂਗੇ ਕਿਉਂਕਿ ਅਜਿਹਾ ਕਰਨਾ ਓਲੰਪਿਕ ਚਾਰਟਰ ਦੀ ਉਲੰਘਣਾ ਹੋਵੇਗਾ।

ਹਾਕੀ ਏਸ਼ੀਆ ਕੱਪ 29 ਅਗਸਤ ਤੋਂ ਸੱਤ ਸਤੰਬਰ ਤੱਕ ਬਿਹਾਰ ਦੇ ਰਾਜਗੀਰ ’ਚ ਕਰਵਾਇਆ ਜਾਵੇਗਾ, ਜਿਸ ’ਚ ਭਾਰਤ ਸਮੇਤ ਅੱਠ ਟੀਮਾਂ ਹਿੱਸਾ ਲੈਣਗੀਆਂ। ਉਥੇ ਜੂਨੀਅਰ ਹਾਕੀ ਵਿਸ਼ਵ ਕੱਪ ਚੇਨਈ ਤੇ ਮੁਦਰੈ ’ਚ 28 ਨਵੰਬਰ ਤੋਂ 10 ਦਸੰਬਰ ਤੱਕ ਖੇਡਿਆ ਜਾਵੇਗਾ। ਸੂਤਰ ਨੇ ਕਿਹਾ ਕਿ ਅਸੀਂ ਕਿਸੇ ਵੀ ਟੀਮ ਦੇ ਭਾਰਤ ’ਚ ਬਹੁਰਾਸ਼ਟਰੀ ਟੂਰਨਾਮੈਂਟ ’ਚ ਹਿੱਸਾ ਲੈਣ ਦੇ ਖ਼ਿਲਾਫ਼ ਨਹੀਂ ਹਾਂ ਪਰ ਦੁਵੱਲੀ ਚੈਂਪੀਅਨਸ਼ਿਪ ਵੱਖ ਹੁੰਦੀ ਹੈ। ਅੰਤਰਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ। ਰੂਸ ਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ ਪਰ ਉਹ ਬਹੁਰਾਸ਼ਟਰੀ ਟੂਰਨਾਮੈਂਟਾਂ ’ਚ ਇਕ ਦੂਜੇ ਨਾਲ ਖੇਡਦੇ ਹਨ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਮਈ ’ਚ ਓਮਾਨ ’ਚ 10ਵੀਂ ਏਸ਼ਿਆਈ ਬੀਚ ਹੈਂਡਬਾਲ ਚੈਂਪੀਅਨਸ਼ਿਪ ’ਚ ਇਕ ਦੂਜੇ ਖ਼ਿਲਾਫ਼ ਖੇਡੀਆਂ ਸਨ। ਸੂਤਰ ਨੇ ਕਿਹਾ ਕਿ ਜੇ ਅਸੀਂ ਉਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ ਹਾਂ ਤਾਂ ਇਹ ਓਲੰਪਿਕ ਚਾਰਟਰ ਦੀ ਉਲੰਘਣਾ ਹੋਵੇਗੀ ਇਸ ਲਈ ਗ੍ਰਿਹ ਤੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਤੋਂ ਬਾਅਦ ਖੇਡ ਮੰਤਰਾਲੇ ਨੇ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਹਾਕੀ ਦੇ ਨਾਲ ਹੀ ਇਸ ਸਾਲ ਸਤੰਬਰ ’ਚ ਦਿੱਲੀ ਦੀ ਕਰਨੀ ਸਿੰਘ ਰੇਂਜ ’ਚ ਹੋਣ ਵਾਲੇ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਤੇ ਸਤੰਬਰ-ਅਕਤੂਬਰ ’ਚ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਹੋਣ ਵਾਲੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ ਵੀ ਪਾਕਿਸਤਾਨੀ ਖਿਡਾਰੀਆਂ ਦੇ ਹਿੱਸਾ ਲੈਣ ਦਾ ਰਾਹ ਖੁੱਲ੍ਹ ਗਿਆ ਹੈ।