ਕਰਜ਼ੇ ਲਈ ਹੁਣ ਸਿਬਿਲ ਸਕੋਰ ਨਹੀਂ ਹੋਵੇਗਾ ਆਧਾਰ, ਵਿੱਤੀ ਸੇਵਾ ਵਿਭਾਗ ਨੇ ਸਾਰੇ ਬੈਂਕਾਂ ਨੂੰ ULI ਨਾਲ ਜੁੜਨ ਦੇ ਨਿਰਦੇਸ਼ ਕੀਤੇ ਜਾਰੀ

ਨਵੀਂ ਦਿੱਲੀ (TLT) ਬੈਂਕ ਜਾਂ ਦੂਜੇ ਵਿੱਤੀ ਸੰਸਥਾਨ ਜਦ ਕਰਜ਼ਾ ਦਿੰਦੇ ਹਨ ਤਾਂ ਸਭ ਤੋਂ ਪਹਿਲਾਂ ਬਿਨੈਕਾਰ ਦਾ ਕ੍ਰੈਡਿਟ ਸਕੋਰ ਦੇਖਦੇ ਹਨ। ਕ੍ਰੈਡਿਟ ਸਕੋਰ ਲਈ ਸਿਬਿਲ ’ਤੇ ਨਿਰਭਰ ਰਹਿਣਾ ਪੈਂਦਾ ਹੈ, ਪਰ ਹੁਣ ਇਹ ਨਿਰਭਰਤਾ ਖ਼ਤਮ ਹੋਣ ਜਾ ਰਹੀ ਹੈ। ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਨੇ ਸਾਰੇ ਸਰਕਾਰੀ ਤੇ ਨਿੱਜੀ ਬੈਂਕ ਅਤੇ ਗ਼ੈਰ ਬੈਂਕਿੰਗ ਵਿੱਤੀ ਸੰਸਥਾਨਾਂ ਨੂੰ ਜਲਦ ਤੋਂ ਜਲਦ ਯੂਨੀਫਾਈਡ ਲੈਂਡਿੰਗ ਇੰਟਰਫੇਸ (ਯੂਐੱਲਆਈ) ਪਲੇਟਫਾਰਮ ਨਾਲ ਜੁੜਨ ਦਾ ਨਿਰਦੇਸ਼ ਦਿੱਤਾ ਹੈ। ਕਰਜ਼ਾ ਦੇਣ ’ਚ ਯੂਐੱਲਆਈ ਦੀ ਵਰਤੋਂ ਸਬੰਧੀ ਸਾਰੀਆਂ ਵਿੱਤੀ ਸੰਸਥਾਵਾਂ ਨੂੰ ਇਕ ਨੋਡਲ ਅਧਿਕਾਰੀ ਨਾਮਜ਼ਦ ਕਰਨ ਲਈ ਕਿਹਾ ਗਿਆ ਹੈ। ਡੀਐੱਫਐਸ ਵੱਲੋਂ ਬੈਂਕ ਤੇ ਹੋਰ ਵਿੱਤੀ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਨੂੰ ਮਹੀਨਾਵਾਰ ਆਧਾਰ ’ਤੇ ਯੂਐੱਲਆਈ ਦੇ ਅਮਲ ਦੀ ਸਮੀਖਿਆ ਕਰਨ ਲਈ ਵੀ ਕਿਹਾ ਗਿਆ ਹੈ। ਜਿਨ੍ਹਾਂ ਸੰਸਥਾਵਾਂ ਨੇ ਯੂਐੱਲਆਈ ਨਾਲ ਜੁੜਨ ਦੀ ਪਹਿਲ ਨਹੀਂ ਕੀਤੀ ਹੈ, ਉਨ੍ਹਾਂ ਨੂੰ ਜਲਦ ਤੋਂ ਜਲਦ ਇਸ ਦਿਸ਼ਾ ’ਚ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਸਬੰਧ ’ਚ ਡੀਐੱਫਐੱਸ ਸਕੱਤਰ ਐੱਮ. ਨਾਗਾਰਾਜੂ ਤੇ ਆਰਬੀਆਈ ਦੇ ਡਿਪਟੀ ਗਵਰਨਰ ਟੀ. ਰਬੀ ਸ਼ੰਕਰ ਦੀ ਪ੍ਰਧਾਨਗੀ ’ਚ ਬੈਠਕ ਕਰਵਾਈ ਗਈ, ਜਿਸ ’ਚ 12 ਸਰਕਾਰੀ ਬੈਂਕ, 18 ਨਿੱਜੀ ਬੈਂਕ, ਤਿੰਨ ਸਮਾਲ ਫਾਇਨਾਂਸ ਬੈਂਕ ਤੇ ਛੇ ਐੱਨਬੀਐੱਫਸੀ ਦੇ ਐੱਮਡੀ ਅਤੇ ਸੀਈਓ ਮੌਜੂਦ ਸਨ। ਜ਼ਿਕਰਯੋਗ ਹੈ ਕਿ ਕ੍ਰੈਡਿਟ ਸਕੋਰ ਮਾਪਣ ਲਈ 25 ਸਾਲ ਪਹਿਲਾਂ ਕ੍ਰੈਡਿਟ ਇਨਫਾਰਮੇਸ਼ਨ ਬਿਊਰੋ ਇੰਡੀਆ ਲਿਮਟਿਡ (ਸਿਬਿਲ) ਦੀ ਸਥਾਪਨਾ ਕੀਤੀ ਗਈ ਸੀ। ਮੁੱਖ ਤੌਰ ’ਤੇ ਬੈਂਕ ਤੇ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈਣ ਵਾਲਿਆਂ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲਿਆਂ ਦਾ ਹੀ ਸਿਬਿਲ ਸਕੋਰ ਦਾ ਪਤਾ ਲੱਗ ਸਕਦਾ ਹੈ। ਹੁਣ ਪਹਿਲੀ ਵਾਰ ਕਰਜ਼ਾ ਲੈਣ ਵਾਲੇ ਦਾ ਵੀ ਕ੍ਰੈਡਿਟ ਸਕੋਰ ਆਸਾਨੀ ਨਾਲ ਜਾਣਿਆ ਜਾ ਸਕੇਗਾ।