ਬਠਿੰਡਾ (TLT) ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਦੀ ਨਗਰ ਪੰਚਾਇਤ ਨੇ ਇਕ ਹੈਰਾਨ ਕਰਨ ਵਾਲਾ ਫ਼ੈਸਲਾ ਲੈਂਦਿਆਂ ਪਿੰਡ ’ਚ ਪ੍ਰੇਮ ਵਿਆਹ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਪੰਚਾਇਤ ਵੱਲੋਂ ਪਾਸ ਮਤੇ ਮੁਤਾਬਕ ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਆਪਸੀ ਸਹਿਮਤੀ ਨਾਲ ਪ੍ਰੇਮ ਵਿਆਹ ਕਰਦੇ ਹਨ ਤਾਂ ਉਨ੍ਹਾਂ ਪਿੰਡ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਪਿੰਡੋਂ ਕੱਢ ਦਿੱਤਾ ਜਾਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਪੰਚਾਇਤ ਦੀ ਪ੍ਰਧਾਨ ਦੇ ਪੁੱਤਰ ਬਲਦੀਪ ਸਿੰਘ ਦੀ ਹਾਜ਼ਰੀ ’ਚ ਪਾਸ ਕੀਤੇ ਗਏ ਇਸ ਮਤੇ ਨਾਲ ਵੱਡੀ ਗਿਣਤੀ ’ਚ ਪਿੰਡ ਦੇ ਲੋਕ ਸਹਿਮਤ ਹਨ।
ਮਤਾ ਪਾਸ ਕਰਨ ਲਈ ਇਕੱਠੇ ਹੋਏ ਨਗਰ ਪੰਚਾਇਤ ਮੈਂਬਰ ਤੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤੇ (ਪ੍ਰੇਮ ਵਿਆਹ) ਸਮਾਜ ’ਚ ਗ਼ਲਤ ਸੁਨੇਹਾ ਦਿੰਦੇ ਹਨ ਤੇ ਇਹ ਵਿਆਹ ਕਦੇ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ, ਇਸ ਲਈ ਇਹ ਫ਼ੈਸਲਾ ਲੈਣਾ ਜ਼ਰੂਰੀ ਹੋ ਗਿਆ। ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਦਮ ਰਵਾਇਤੀ ਰਿਸ਼ਤਿਆਂ ਤੇ ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਪਿੰਡ ਦੀਆਂ ਪਰੰਪਰਾਵਾਂ ਦੀ ਅਣਦੇਖੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪਿੰਡ ਦਾ ਨੌਜਵਾਨ ਪਿੰਡ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਏਗਾ ਤਾਂ ਇਹ ਪਿੰਡ ਹੀ ਨਹੀਂ ਸਗੋਂ ਸਮੁੱਚੇ ਸਮਾਜ ਲਈ ਮਾੜਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰੇਮ ਵਿਆਹਾਂ ’ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਲਏ ਹਨ। ਹਾਲਾਂਕਿ, ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਤੋਂ ਇਨ੍ਹਾਂ ਫ਼ੈਸਲਿਆਂ ਦੀ ਜਾਇਜ਼ਤਾ ’ਤੇ ਸਵਾਲ ਵੀ ਉੱਠਦੇ ਰਹੇ ਹਨ।
ਏਡੀਸੀ ਜਨਰਲ ਪੂਨਮ ਸਿੰਘ ਦਾ ਕਹਿਣਾ ਸੀ ਕਿ ਨਗਰ ਪੰਚਾਇਤ ਵੱਲੋਂ ਪ੍ਰੇਮ ਵਿਆਹ ਸਬੰਧੀ ਲਿਆ ਗਿਆ ਫ਼ੈਸਲਾ ਕਾਨੂੰਨ ਦੇ ਖ਼ਿਲਾਫ਼ ਹੈ। ਸਾਡਾ ਸੰਵਿਧਾਨ ਤੇ ਕਾਨੂੰਨ ਪ੍ਰੇਮ ਵਿਆਹ ਦਾ ਹੱਕ ਦਿੰਦਾ ਹੈ, ਇਸ ਲਈ ਪੰਚਾਇਤ ਦਾ ਇਹ ਫ਼ੈਸਲਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਪਿੰਡ ਕੋਟਸ਼ਮੀਰ ਦੇ ਲੋਕਾਂ ਨੂੰ ਕੌਂਸਲਿੰਗ ਦੀ ਲੋੜ ਹੈ ਤੇ ਪ੍ਰਸ਼ਾਸਨ ਇਸ ਸਬੰਧੀ ਪਿੰਡ ਵਾਸੀਆਂ ਨਾਲ ਗੱਲਬਾਤ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦਾ ਕੋਈ ਵਿਅਕਤੀ ਪ੍ਰੇਮ ਵਿਆਹ ਕਰਨਾ ਚਾਹੁੰਦਾ ਹੋਵੇਗਾ ਤੇ ਉਹ ਪ੍ਰਸ਼ਾਸਨ ਤੱਕ ਪਹੁੰਚ ਕਰੇਗਾ ਤਾਂ ਪ੍ਰਸ਼ਾਸਨ ਉਸਨੂੰ ਸੁਰੱਖਿਆ ਮੁਹੱਈਆ ਕਰਵਾਏਗਾ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ