ਸੀਬੀਐੱਸਈ ਸਕੂਲਾਂ ’ਚ ਸੀਸੀਟੀਵੀ ਕੈਮਰੇ ਲਗਾਉਣਾ ਹੋਇਆ ਜ਼ਰੂਰੀ, ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੋਰਡ ਨੇ ਚੁੱਕਿਆ ਕਦਮ
ਨਵੀਂ ਦਿੱਲੀ (TLT) ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਐਫੀਲਿਏਟਿਡ ਸਕੂਲਾਂ ਵਿਚ ਹਾਈ ਰੈਜ਼ੇਓਲਿਊਸ਼ਨ ਸੀਸੀਟੀਵੀ ਕੈਮਰੇ ਲਾਉਣ ਦਾ ਹੁਕਮ ਕੀਤਾ ਹੈ। ਮੌਜੂਦਾ ਦੌਰ ਵਿਚ ਪੂਰੇ ਮੁਲਕ ਵਿਚ ਸੀਬੀਐੱਸਈ ਨਾਲ ਸਬੰਧਤ 28 ਹਜ਼ਾਰ 960 ਸਕੂਲ ਹਨ।
ਸੀਬੀਐੱਸਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ। ਇਸ ਦੇ ਤਹਿਤ ਸਾਰੇ ਸਕੂਲਾਂ ਨੂੰ ਆਪਣੇ ਪ੍ਰਵੇਸ਼ ਤੇ ਨਿਕਾਸ ਦੁਆਰ, ਗਲਿਆਰਿਆਂ, ਪੌੜੀਆਂ, ਜਮਾਤਾਂ, ਲੈਬਾਰਟਰੀਜ਼, ਕਿਤਾਬ ਘਰਾਂ, ਕੈਂਟੀਨ, ਸਟੋਰ ਰੂਮ, ਖੇਡ ਮੈਦਾਨ ਤੇ ਹੋਰ ਸਾਂਝੇ ਖੇਤਰਾਂ ਵਿਚ ਸੀਸੀਟੀਵੀ ਕੈਮਰੇ ਸਥਾਪਤ ਕਰਨੇ ਪੈਣਗੇ। ਹਾਲਾਂਕਿ ਟਾਇਲਟ ਨੂੰ ਇਸ ਹੁਕਮ ਤੋਂ ਬਾਹਰ ਰੱਖਿਆ ਗਿਆ ਹੈ।
ਸੀਬੀਐੱਸਈ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਸੀਸੀਟੀਵੀ ਕੈਮਰਿਆਂ ਵਿਚ ਰੀਅਲ ਟਾਈਮ ਆਡੀਓ-ਵਿਜ਼ੁਅਲ ਰਿਕਾਰਡਿੰਗ ਦੀ ਸਹੂਲਤ ਹੋਣੀ ਚਾਹੀਦੀ ਹੈ। ਘੱਟੋ-ਘੱਟ 15 ਦਿਨਾਂ ਦੀ ਰਿਕਾਰਡਿੰਗ ਦਾ ਬੈਕਅੱਪ ਰੱਖਣਾ ਜ਼ਰੂਰੀ ਹੋਵੇਗਾ। ਇਸ ਨੂੰ ਜ਼ਰੂਰਤ ਪੈਣ ’ਤੇ ਜਾਂਚ ਏਜੰਸੀਆਂ ਜਾਂ ਬੋਰਡ ਅਧਿਕਾਰੀ ਵਰਤ ਸਕਣ। ਬੋਰਡ ਨੇ ਕਿਹਾ ਹੈ ਕਿ ਕੌਮੀ ਬਾਲ ਅਧਿਕਾਰ ਸਰਪ੍ਰਸਤੀ ਕਮਿਸ਼ਨ (ਐੱਨਸੀਪੀਸੀਆਰ) ਦੀਆਂ ਹਦਾਇਤਾਂ ਮੁਤਾਬਕ ਵਿਦਿਆਰਥੀ ਨੂੰ ਸਲਾਮਤੀ ਵਾਲਾ ਮਾਹੌਲ ਮੁਹੱਈਆ ਕਰਵਾਉਣਾ ਸਕੂਲਾਂ ਦੀ ਪਹਿਲੀ ਜ਼ਿੰਮੇਵਾਰੀ ਹੈ, ਇਸ ਵਿਚ ਸਰੀਰਕ, ਜਜ਼ਬਾਤੀ ਤੇ ਮਾਨਸਿਕ ਸੁਰੱਖਿਆ ਸ਼ੁਮਾਰ ਹੈ। ਸਕੂਲਾਂ ਵਿਚ ਬਦਮਾਸ਼ੀ, ਜ਼ੁਲਮ, ਮਨੋ-ਸਮਾਜਿਕ ਮੁੱਦਿਆਂ ਤੇ ਹੋਰਨਾਂ ਖ਼ਤਰਿਆਂ ਤੋਂ ਬਚਾਉਣ ਲਈ ਇਹ ਇੰਤਜ਼ਾਮ ਕਰਨੇ ਜ਼ਰੂਰੀ ਹੋਣਗੇ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ