ਬਠਿੰਡਾ (TLT) ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ’ਤੇ ਬਣੇ ਬਹਿਮਣ ਪੁਲ ’ਤੇ ਬੁੱਧਵਾਰ ਸਵੇਰੇ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਇੱਕੋ ਪਰਿਵਾਰ ਦੇ 11 ਲੋਕ ਸਵਾਰ ਸਨ, ਜਿਨ੍ਹਾਂ ਵਿਚ ਪੰਜ ਬੱਚੇ ਵੀ ਸ਼ਾਮਲ ਸਨ। ਹਾਦਸੇ ਦਾ ਪਤਾ ਲੱਗਣ ’ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦੀ ਬਦੌਲਤ ਸਾਰਿਆਂ ਨੂੰ ਸੁਰੱਖਿਅਤ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਹਾਲਾਂਕਿ ਇਕ ਛੋਟੇ ਬੱਚੇ ਦੇ ਸਰੀਰ ਵਿੱਚ ਪਾਣੀ ਭਾਰ ਜਾਣ ਕਾਰਨ ਪਹਿਲਾਂ ਉਸ ਦੀ ਹਾਲਤ ਗੰਭੀਰ ਸੀ, ਪਰ ਦੁਪਹਿਰ ਤਕ ਉਹ ਵੀ ਠੀਕ ਹੋ ਗਿਆ।
ਪਰਿਵਾਰ ਦੇ ਸਾਰੇ ਮੈਂਬਰ ਭੁੱਚੋ ਮੰਡੀ ਤੋਂ ਪਿੰਡ ਬੀੜ ਤਾਲਾਬ ਆਪਣੇ ਘਰ ਵਾਪਸ ਜਾ ਰਹੇ ਸਨ। ਇਹ ਹਾਦਸਾ ਵਾਪਰਨ ਤੋਂ ਬਾਅਦ ਉੱਥੇ ਬਣੇ ਪੀਸੀਆਰ ਪੁਆਇੰਟ ਦੇ ਪੁਲਿਸ ਕਰਮਚਾਰੀਆਂ ਨੇ ਵੀ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਬਚਾਅ ਕਾਰਜ ਸ਼ੁਰੂ ਕੀਤਾ। ਨਹਿਰ ਵਿੱਚ ਛਾਲ ਮਾਰਨ ਵਾਲੇ ਪੁਲਿਸ ਕਰਮਚਾਰੀਆਂ ਵਿੱਚ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਦਾ ਅੱਜ ਜਨਮ ਦਿਨ ਵੀ ਸੀ, ਜਿਸ ਨੂੰ ਹੁਣ 15 ਅਗਸਤ ਨੂੰ ਸਨਮਾਨਿਤ ਕਰਨ ਲਈ ਵਿਧਾਇਕ ਜਗਰੂਪ ਗਿੱਲ ਨੇ ਸਿਫ਼ਾਰਸ਼ ਵੀ ਕੀਤੀ ਹੈ। ਘਟਨਾ ਤੋਂ ਬਾਅਦ ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਜਿੱਥੇ ਹਾਦਸੇ ’ਤੇ ਦੁੱਖ ਪ੍ਰਗਟਾਇਆ, ਉੱਥੇ ਹਾਦਸੇ ਵਿਚ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਨਹਿਰ ਵਿੱਚ ਛਾਲ ਮਾਰ ਕੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ, ਇਸ ਲਈ ਉਹ ਡੀਸੀ ਨਾਲ ਗੱਲ ਕਰਨਗੇ।
ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬੁੱਧਵਾਰ ਕਰੀਬ ਪੰਜ ਵਜੇ ਭੁੱਚੋ ਮੰਡੀ ਗਏ ਸਨ ਅਤੇ ਉਥੋਂ ਆਪਣੇ ਪਿੰਡ ਬੀੜ ਤਾਲਾਬ ਵਾਪਸ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸਰਹਿੰਦ ਨਹਿਰ ’ਤੇ ਬਹਿਮਣ ਪੁਲ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਵਾਹਨ ਆ ਰਿਹਾ ਸੀ, ਜਿਸ ਨੂੰ ਕਾਰ ਚਲਾ ਰਹੇ ਉਸ ਦੇ ਬੇਟੇ ਲਬੂ ਕੁਮਾਰ ਨੇ ਰਸਤਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਅਚਾਨਕ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗਾ ਕੀ ਹੋ ਗਿਆ। ਕਾਰ ਦੇ ਨਹਿਰ ਵਿੱਚ ਡਿੱਗਣ ਤੋਂ ਬਾਅਦ ਉਸ ਦੀਆਂ ਤਾਕੀਆਂ ਲਾਕ ਹੋ ਗਈਆਂ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ। ਉਹ ਉਨ੍ਹਾਂ ਨੂੰ ਕਾਰ ਦੀਆਂ ਤਾਕੀਆਂ ਖੋਲ੍ਹਣ ਲਈ ਕਹਿ ਰਹੇ ਸਨ, ਪਰ ਪਾਣੀ ਦੇ ਅੰਦਰ ਕਾਰ ਦੀਆਂ ਤਾਕੀਆਂ ਖੁੱਲ੍ਹ ਨਹੀਂ ਰਹੀਆਂ ਸੀ ਜਦੋਂ ਕਿ ਇੱਕ ਸ਼ੀਸ਼ਾ ਹੇਠਾਂ ਹੋ ਗਿਆ, ਜਿਸ ਤੋਂ ਬਾਅਦ ਨਹਿਰ ਵਿਚ ਉਤਰੇ ਇਕ ਵਿਅਕਤੀ ਨੇ ਤੇਸੀ ਦਿੱਤੀ, ਜਿਸ ਦੀ ਮਦਦ ਨਾਲ ਕਾਰ ਦੇ ਹੋਰ ਸ਼ੀਸ਼ਿਆਂ ਨੂੰ ਤੋੜ ਕੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਜਦੋਂ ਕਿ ਉਸ ਦੀ ਇੱਕ ਪੋਤੀ ਉਸ ਦੀ ਗੋਦ ਵਿੱਚ ਬੈਠੀ ਸੀ, ਜਿਸ ਨੂੰ ਸਭ ਤੋਂ ਪਹਿਲਾਂ ਬਾਹਰ ਕੱਢਿਆ। ਉਨ੍ਹਾਂ ਦਾ ਇਕ ਸਾਲ ਦਾ ਪੋਤਾ ਕਾਫੀ ਗੰਭੀਰ ਹੋ ਗਿਆ। ਸਿਵਲ ਹਸਪਤਾਲ ਵਿੱਚ ਦਾਖਲ ਲਬੂ ਕੁਮਾਰ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ ਤਾਂ ਪਤਾ ਹੀ ਨਹੀਂ ਲੱਗਾ ਕਿ ਹਾਦਸਾ ਕਿਵੇਂ ਹੋਇਆ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ