ਬ੍ਰਿਸਬੇਨ TLT NEWS/ : ਬ੍ਰਿਸਬੇਨ ‘ਚ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਨਾਲ ਦੇਸੀ ਰੌਕਸ ਦੇ ਮਨਮੋਹਨ ਸਿੰਘ, ਗ੍ਰਿਫਿਨ ਕਾਲਜ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰਸਿੱਧ ਲੋਕ ਗਾਇਕ, ਅਦਾਕਾਰ ਅਤੇ ਗੀਤਕਾਰ ਗੁਰਦਾਸ ਮਾਨ ਦਾ ਸ਼ਾਨਦਾਰ ਸ਼ੋਅ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਬੇਹੱਦ ਉਤਸ਼ਾਹ ਨਾਲ ਕਰਵਾਇਆ ਗਿਆ। ਪੰਜਾਬ ਦੇ ਮਾਣਮੱਤੇ ਗੁਰਦਾਸ ਮਾਨ ਜਦੋਂ ਪੂਰੀ ਤਰ੍ਹਾਂ ਭਰੇ ਹਾਲ ’ਚ ਪੁੱਜੇ ਤਾਂ ਤਾੜੀਆਂ ਦੀ ਆਵਾਜ਼ਾ ਨਾਲ ਸਾਰਾ ਹਾਲ ਗੂੰਜ ਉੱਠਿਆ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਰੂਹਾਨੀ ਗੀਤ ‘ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਹੀ ਤੂੰ ਨਾਲ ਕੀਤੀ, ਜਿਸ ਨਾਲ ਦਰਸ਼ਕਾਂ ਦੇ ਦਿਲਾਂ ’ਚ ਸ਼ਰਧਾ ਅਤੇ ਭਾਵਨਾ ਦੀ ਲਹਿਰ ਦੌੜ ਗਈ।
ਇਸ ਤੋਂ ਬਾਅਦ ‘ਲੱਗੀਆਂ ਨੇ ਮੌਜਾਂ ਲਾਈ ਰੱਖੀਂ ਸੋਹਣਿਆ’ ਵਰਗੇ ਉਤਸ਼ਾਹ ਭਰਪੂਰ ਗੀਤਾਂ ਨਾਲ ਹਾਲ ਦਾ ਮਾਹੌਲ ਹੋਰ ਵੀ ਗਰਮਜੋਸ਼ੀ ਨਾਲ ਭਰਿਆ। ਗੁਰਦਾਸ ਮਾਨ ਨੇ ਆਪਣੇ ਕਰੀਬੀ ਸਾਥੀ ਤੇਜਪਾਲ ਦੀ ਯਾਦ ’ਚ ‘ਅੱਖੀਆਂ ਖੁੱਲ੍ਹੀਆਂ’ ਗੀਤ ਗਾ ਕੇ ਭਾਵੁਕ ਸ਼ਰਧਾਂਜਲੀ ਭੇਟ ਕੀਤੀ। ‘ਲੱਖ ਪ੍ਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੁੱਲੀਦਾ’ ਨਾਲ ਉਨ੍ਹਾਂ ਵਤਨ ਪ੍ਰੇਮ ਦਾ ਸੁਨੇਹਾ ਦਰਸ਼ਕਾਂ ਤੱਕ ਪਹੁੰਚਾਇਆ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ‘ਛੱਲਾ’ ਗੀਤ ’ਤੇ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਜਿਸ ਦੀ ਗੁਰਦਾਸ ਮਾਨ ਨੇ ਹੌਸਲਾ ਅਫ਼ਜ਼ਾਈ ਕੀਤੀ। ਧੀਆਂ ਪ੍ਰਤੀ ਸਨੇਹ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਇੱਕ ਨਿੱਕੀ ਕੁੜੀ ਨੂੰ ਮੁਖਾਤਿਬ ਹੋ ਕੇ ‘ਕੁੜੀਏ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ’ ਗਾ ਕੇ ਪੂਰੇ ਹਾਲ ’ਚ ਮੌਜੂਦ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਬਾਅਦ ‘ਸੱਜਣਾ ਵੇ ਸੱਜਣਾ’, ‘ਮੈਂ ਤੇਰੇ ਪਿੰਡ ਦੀ ਹਵਾ ਸੋਹਣਿਆ’, ‘ਮਾਮਲਾ ਗੜਬੜ ਹੈ’ ਆਦਿ ਮਸ਼ਹੂਰ ਗੀਤਾਂ ਰਾਹੀਂ ਉਨ੍ਹਾਂ ਮਨੁੱਖੀ ਰਿਸ਼ਤਿਆਂ, ਜ਼ਿੰਦਗੀ ਦੀ ਸੱਚਾਈ ਅਤੇ ਪੰਜਾਬੀ ਸੱਭਿਆਚਾਰ ਦੀ ਮਹਿਕ ਦਰਸ਼ਕਾਂ ਦੇ ਦਿਲਾਂ ਵਿੱਚ ਵਸਾ ਦਿੱਤੀ। ਗੁਰਦਾਸ ਮਾਨ ਦੀ ਗਾਇਕੀ ਦੇ ਜਾਦੂ ਨੇ ਦਰਸ਼ਕਾਂ ਨੂੰ ਦੇਰ ਰਾਤ ਤੱਕ ਕੀਲੀ ਰੱਖਿਆ ਅਤੇ ਉਨ੍ਹਾਂ ਦੇ ਸ਼ੋਅ ਨੂੰ ਸਫਲਤਾ ਦੇ ਸਿਖ਼ਰ ਤੱਕ ਲਿਜਾਣ ਦੀ ਕਾਬਲੀਅਤ ਨੂੰ ਸਭ ਨੇ ਮੰਨਿਆ। ਵੱਡੀ ਗਿਣਤੀ ’ਚ ਪਰਿਵਾਰਾਂ ਦੀ ਹਾਜ਼ਰੀ ਨੇ ਸਾਬਤ ਕੀਤਾ ਕਿ ਸਰੋਤੇ ਅੱਜ ਵੀ ਮਿਆਰੀ ਤੇ ਅਰਥਪੂਰਨ ਗਾਇਕੀ ਨੂੰ ਪੂਰਾ ਮਾਣ ਅਤੇ ਸਤਿਕਾਰ ਦਿੰਦੇ ਹਨ।
ਇਸ ਮੌਕੇ ’ਤੇ ਮੁੱਖ ਪ੍ਰਬੰਧਕ ਮਨਮੋਹਨ ਸਿੰਘ, ਫਾਈਵ ਵਾਟਰਸ ਮਾਈਗ੍ਰੇਸ਼ਨ, ਗ੍ਰਿਫਿਨ ਕਾਲਜ ਦੇ ਜਸਪਾਲ ਸੰਧੂ, ਜਗਦੀਪ ਸਿੰਘ ਸਿੱਧੂ, ਲੀਡਰ ਅਤੇ ਅਮੇਰਿਕਨ ਕਾਲਜ ਦੇ ਡਾ. ਬਰਨਾਰਡ ਮਲਿਕ ਵੱਲੋਂ ਗੁਰਦਾਸ ਮਾਨ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਮਨਮੋਹਨ ਸਿੰਘ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਦੀ ਸਨੇਹਾ-ਪ੍ਰਦਾਨ ਤੇ ਸੱਭਿਆਚਾਰਕ ਗਾਇਕੀ ਕਾਰਨ ਉਨ੍ਹਾਂ ਦੇ ਵਿਦੇਸ਼ਾਂ ’ਚ ਹੋਣ ਵਾਲੇ ਸ਼ੋਅਜ਼ ਨੂੰ ਹਰ ਥਾਂ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ, ਜੋ ਪੰਜਾਬੀ ਸੱਭਿਆਚਾਰ ਲਈ ਚੰਗਾ ਸੰਕੇਤ ਹੈ। ਇਹ ਸ਼ੋਅ ਸਿਰਫ਼ ਮਨੋਰੰਜਨ ਨਹੀਂ ਸੀ, ਸਗੋਂ ਵਿਰਸੇ ਅਤੇ ਪੰਜਾਬੀਅਤ ਦੀ ਖੁਸ਼ਬੂ ਨੂੰ ਪ੍ਰਫੁੱਲਤ ਕਰਦਾ ਇਕ ਯਾਦਗਾਰ ਸਮਾਗਮ ਸੀ। ਸੁਰਤਾਲ ਅਕੈਡਮੀ ਦੇ ਬੱਚਿਆਂ ਨੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਨਾਲ ਸਮਾਗਮ ’ਚ ਹੋਰ ਰੰਗ ਭਰੇ। ਦੇਸੀ ਰੌਕਸ ਵੱਲੋਂ ਗੁਰਦਾਸ ਮਾਨ ਦਾ ‘ਯਾਰ ਪੰਜਾਬੀ ਟੂਰ’ ਇਸ ਵੇਲੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ’ਚ ਜਾਰੀ ਹੈ।

More Stories
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ
ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ, ਭਾਰਤੀਆਂ ‘ਤੇ ਸਭ ਤੋਂ ਵੱਧ ਅਸਰ