ਸਤਲੁਜ ਦੇ ਪਾਣੀ ’ਚ ਡੁੱਬੀਆਂ ਫਸਲਾਂ, ਪਸ਼ੂਆਂ ਦੇ ਚਾਰੇ ਲਈ ਆ ਰਹੀਆਂ ਮੁਸ਼ਕਲਾਂ; DC ਨੇ ਸਰਹੱਦੀ ਪਿੰਡਾਂ ਦਾ ਕੀਤਾ ਦੌਰਾ

ਫਾਜ਼ਿਲਕਾ TLT NEWS/ : ਸਤਲੁਜ ਦਰਿਆ ’ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਫਾਜ਼ਿਲਕਾ ਦੇ ਸਰਹੱਦੀ ਇਲਾਕੇ ’ਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦਾ ਪ੍ਰਭਾਵ ਹੁਣ ਮੈਦਾਨੀ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਹੈ। ਸਰਹੱਦੀ ਪਿੰਡ ਮੁਹਾਰ ਜਮਸ਼ੇਰ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਕਿਸਾਨਾਂ ਅਨੁਸਾਰ ਸਤਲੁਜ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਦੇ ਨਾਲ-ਨਾਲ ਪਾਕਿਸਤਾਨ ਤੋਂ ਰਾਵੀ ਦਰਿਆ ਦਾ ਪਾਣੀ ਵੀ ਪਿੰਡ ਵਿੱਚ ਦਾਖਲ ਹੋ ਰਿਹਾ ਹੈ ਜਿਸ ਕਾਰਨ ਹੁਣ ਤੱਕ ਲਗਪਗ 400 ਏਕੜ ਦੇ ਕਰੀਬ ਫਸਲ ਡੁੱਬ ਚੁੱਕੀ ਹੈ। ਜਮਸ਼ੇਰ, ਪਿੰਡ ਵਲੇ ਸ਼ਾਹ ਹਿਠਾੜ, ਝੰਗੜ ਭੈਣੀ, ਦੋਨਾ ਨਾਨਕਾ, ਮਹਾਤਮ ਨਗਰ, ਤੇਜਾ ਰੁਹੇਲਾ ਆਦਿ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਲੋਕਾਂ ਦੇ ਘਰਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੈ। ਹੜ੍ਹ ਦੇ ਵਧਦੇ ਖ਼ਤਰੇ ਦੌਰਾਨ ਕੋਈ ਵੀ ਅਧਿਕਾਰੀ ਮੌਕੇ ’ਤੇ ਨਾ ਪਹੁੰਚਣ ਕਾਰਨ ਲੋਕਾਂ ’ਚ ਰੋਹ ਹੈ। ਪਿੰਡ ਰੇਤੇ ਵਾਲੀ ਭੈਣੀ ਦੇ ਵਸਨੀਕ ਇੰਦਰ ਸਿੰਘ, ਮਲਕੀਤ ਸਿੰਘ, ਪਿਆਰਾ ਸਿੰਘ ਆਦਿ ਨੇ ਦੱਸਿਆ ਕਿ ਮੰਗਲਵਾਰ ਰਾਤ ਤੋਂ ਦਰਿਆ ਦਾ ਪਾਣੀ ਉਨ੍ਹਾਂ ਦੇ ਪਿੰਡ ਵਿਚ ਵੜ ਗਿਆ ਹੈ। ਇਸ ਦੇ ਬਾਵਜੂਦ ਨਾ ਤਾਂ ਕਿਸੇ ਅਧਿਕਾਰੀ ਨੇ ਉਨ੍ਹਾਂ ਨੂੰ ਹੜ੍ਹ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕੀਤੀ ਹੈ।

ਸਰਹੱਦੀ ਪਿੰਡਾਂ ਦਾ ਡੀਸੀ ਨੇ ਕੀਤਾ ਦੌਰਾ

ਡੀਸੀ ਅਮਰਪ੍ਰੀਤ ਕੌਰ ਸੰਧੂ ਨੇ ਮੁਹਾਰ ਜਮਸ਼ੇਰ ਸਮੇਤ ਸਤਲੁਜ ਕਰੀਕ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਸਤਲੁਜ ਕਰੀਕ ਵਿਚ ਆਏ ਪਾਣੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਖਤਰਾ ਨਹੀਂ ਹੈ ਕਿਉਂਕਿ ਮੰਗਲਵਾਰ ਦੇ ਮੁਕਾਬਲੇ ਹਰੀਕੇ ਤੋਂ ਜਲ ਨਿਕਾਸੀ ਵਿਚ 10 ਹਜ਼ਾਰ ਕਿਊਸਿਕ ਦੀ ਕਮੀ ਆਈ ਹੈ ਅਤੇ ਇਸ ਕਮੀ ਦਾ ਅਸਰ ਵੀਰਵਾਰ ਤੋਂ ਫਾਜ਼ਿਲਕਾ ਇਲਾਕੇ ਵਿਚ ਦਿਸਣ ਲੱਗੇਗਾ। ਉਨ੍ਹਾਂ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦਾ ਵਿਭਾਗ ਜਲ ਪ੍ਰਵਾਹ ’ਤੇ ਤਿੱਖੀ ਨਜ਼ਰ ਰੱਖੇ ਅਤੇ ਜੇਕਰ ਕੋਈ ਖ਼ਤਰੇ ਦਾ ਸੰਕੇਤ ਹੋਵੇ ਤਾਂ ਸਮਾਂ ਰਹਿੰਦੇ ਪ੍ਰਸ਼ਾਸਨ ਨੂੰ ਸੂਚਿਤ ਕਰੇ ਤਾਂ ਜੋ ਲੋਕਾਂ ਨੂੰ ਲੋੜ ਅਨੁਸਾਰ ਮਦਦ ਮੁਹੱਈਆ ਕਰਵਾਈ ਜਾ ਸਕੇ। ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਪਿੰਡ ਮੁਹਾਰ ਜਮਸ਼ੇਰ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਪੈਸ਼ਲ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਕਰ ਦਿੱਤੇ ਗਏ ਹਨ। ਸਾਰੇ ਵਿਭਾਗਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਨੀਵੇਂ ਇਲਾਕਿਆਂ ਵਿਚ ਪੂਰੀ ਚੌਕਸੀ ਰੱਖਣ।