ਨਵੀਂ ਦਿੱਲੀ /TLT NEWS: ਨਿੱਜੀ ਤੌਰ ’ਤੇ ਖ਼ਰੀਦੇ ਜਾਣ ਵਾਲੇ ਹੈਲਥ ਤੇ ਲਾਈਫ ਇੰਸ਼ੋਰੈਂਸ ’ਤੇ ਲੱਗਣ ਵਾਲੇ 18 ਫ਼ੀਸਦੀ ਜੀਐੱਸਟੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਜੀਵਨ ਤੇ ਸਿਹਤ ਬੀਮਾ ਪਾਲਸੀਆਂ ਨੂੰ ਜੀਐੱਸਟੀ ਤੋਂ ਛੋਟ ਦੇਣ ਦੀ ਤਜਵੀਜ਼ ਰੱਖੀ ਹੈ। ਪਿਛਲੇ ਇਕ ਸਾਲ ਤੋਂ ਹੈਲਥ ਤੇ ਲਾਈਫ ਇੰਸ਼ੋਰੈਂਸ ’ਤੇ ਲੱਗਣ ਵਾਲੇ 18 ਫ਼ੀਸਦੀ ਜੀਐੱਸਟੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਜੀਐੱਸਟੀ ਕੌਂਸਲ ਦੀ ਬੈਠਕ ’ਚ ਸੂਬਿਆਂ ’ਚ ਇਸ ’ਤੇ ਸਹਿਮਤੀ ਨਾ ਬਣਨ ਨਾਲ ਕੋਈ ਫ਼ੈਸਲਾ ਨਹੀਂ ਹੋ ਸਕਿਆ। ਹੁਣ ਸਿਰਫ਼ ਦੋ ਸਲੈਬਾਂ ਨਾਲ ਜੀਐੱਸਟੀ ਦੇ ਨਵੇਂ ਵਰਜ਼ਨ ਨੂੰ ਲਿਆਉਣ ਦੀ ਤਿਆਰੀ ਚੱਲ ਰਹੀ ਹੈ ਜਿਸ ’ਤੇ ਸੂਬਿਆਂ ’ਚ ਸਹਿਮਤੀ ਬਣਾਉਣ ਲਈ ਬੁੱਧਵਾਰ ਨੂੰ ਜੀਐੱਸਟੀ ਕੌਂਸਲ ਵੱਲੋਂ ਗਠਿਤ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ ਬੈਠਕ ਕੀਤੀ ਗਈ। ਨਵੀਂ ਦਿੱਲੀ ਦੇ ਵਿਗਿਆਨ ਭਵਨ ’ਚ ਹੋਈ ਇਸ ਬੈਠਕ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਹਿੱਸਾ ਲਿਆ। ਪੰਜ ਤੇ 18 ਫ਼ੀਸਦੀ ਦੇ ਸਲੈਬ ਨਾਲ ਜੀਐੱਸਟੀ ਦੇ ਨਵੇਂ ਵਰਜ਼ਨ ਦੀ ਤਜਵੀਜ਼ ਕੇਂਦਰ ਨੇ ਸਾਰੇ ਸੂਬਿਆਂ ਨੂੰ ਭੇਜ ਦਿੱਤੀ ਹੈ। ਹੁਣ ਜੀਐੱਸਟੀ ਕੌਂਸਲ ਦੀ ਬੈਠਕ ਤੋਂ ਪਹਿਲਾਂ ਇਸ ਤਜਵੀਜ਼ ’ਤੇ ਸਹਿਮਤੀ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਕੌਂਸਲ ਦੀ ਬੈਠਕ ’ਚ ਆਖ਼ਰੀ ਫ਼ੈਸਲਾ ਕੀਤਾ ਜਾ ਸਕੇ। ਜੀਓਐੱਮ ਦੇ ਚੇਅਰਮੈਨ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਹਨ। ਵੀਰਵਾਰ ਨੂੰ ਵੀ ਜੀਓਐੱਮ ਦੀ ਬੈਠਕ ਹੋਵੇਗੀ ਜਿਸ ਵਿਚ ਜੀਐੱਸਟੀ ਦਰਾਂ ’ਚ ਬਦਲਾਅ ’ਤੇ ਚਰਚਾ ਹੋਵੇਗੀ।ਕੇਂਦਰ ਤੇ ਸੂਬਿਆਂ ਨੇ ਵਿੱਤੀ ਸਾਲ 2023-24 ’ਚ ਸਿਹਤ ਬੀਮਾ ਪ੍ਰੀਮੀਅਮ ’ਤੇ ਜੀਐੱਸਟੀ ਰਾਹੀਂ 8,262.94 ਕਰੋੜ ਰੁਪਏ ਇਕੱਠੇ ਕੀਤੇ ਜਦਕਿ ਸਿਹਤ ਪੁਨਰ ਬੀਮਾ ਪ੍ਰੀਮੀਅਮ ’ਤੇ ਜੀਐੱਸਟੀ ਤੋਂ 1,484.36 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਸੀ। ਨਿੱਜੀ ਬੀਮਾ ਪਾਲਿਸੀ ’ਤੇ ਜੀਐੱਸਟੀ ਛੋਟ ਦਿੱਤੇ ਜਾਣ ਨਾਲ ਸਾਲਾਨਾ ਕਰੀਬ 9700 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

More Stories
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ
ਮੈਕਸੀਕੋ ‘ਚ ਖ਼ੌਫ਼ਨਾਕ ਡਰੱਗ ਤਸਕਰ ‘ਐਲ ਮੈਂਚੋ’ ਦੀ ਮੌਤ ਮਗਰੋਂ ਭੜਕੀ ਹਿੰਸਾ, ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ