ਨਵੀਂ ਦਿੱਲੀ (TLT) ਇਜ਼ਰਾਈਲ ਨੇ ਵੀਰਵਾਰ ਨੂੰ ਰਾਤ ਨੂੰ ਈਰਾਨ ’ਤੇ ਹਮਲਾ ਕਰ ਕੇ ਖਾੜੀ ਇਲਾਕੇ ’ਚ ਚੱਲ ਰਹੇ ਤਣਾਅ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਕੂਟਨੀਤੀ ਲਈ ਵੀ ਕਈ ਪੱਧਰ ’ਤੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਜ਼ਰਾਈਲ ਤੇ ਈਰਾਨ ਦੀ ਸਥਿਤੀ ’ਤੇ ਨਾ ਸਿਰਫ਼ ਗੰਭੀਰ ਚਿੰਤਾ ਪ੍ਰਗਟਾਈ ਹੈ ਤੇ ਦੋਵਾਂ ਪੱਖਾਂ ਵਿਚਕਾਰ ਕੂਟਨੀਤੀ ਤੇ ਗੱਲ-ਬਾਤ ’ਤੇ ਜ਼ੋਰ ਦੇਣ ਦੀ ਅਪੀਲ ਕੀਤੀ ਹੈ। ਭਾਰਤ ਦੀ ਇਸ ਚਿੰਤਾ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਭਾਰਤ ਦੇ ਦੋਵਾਂ ਦੇਸ਼ਾਂ ਨਾਲ ਚੰਗੇ ਸੰਬੰਧ ਹਨ, ਜਿਸ ਦੀ ਵਜ੍ਹਾਂ ਨਾਲ ਭਾਰਤ ਕਿਸੇ ਇਕ ਦੇਸ਼ ਦੇ ਨਾਲ ਖੜ੍ਹਾ ਹੋਣ ਦੀ ਸਥਿਤੀ ’ਚ ਨਹੀਂ ਹੈ। ਇਜ਼ਰਾਈਲ ਜਿੱਥੇ ਭਾਰਤ ਦੇ ਸਭ ਤੋਂ ਮੁੱਖ ਰੱਖਿਆ ਸਾਥੀ ਦੇਸ਼ਾਂ ’ਚ ਸ਼ਾਮਲ ਹੈ, ਉੱਥੇ ਈਰਾਨ ਨਾਲ ਭਾਰਤ ਦੇ ਇਤਿਹਾਸਕ ਸੰਬੰਧ ਹਨ। ਈਰਾਨ ਨੇ ਕਈ ਵਾਰ ਇਸਲਾਮਿਕ ਦੇਸ਼ਾਂ ਦੀ ਸੰਸਥਾ (ਓਆਈਸੀ) ਦੇ ਮੰਚ ’ਤੇ ਭਾਰਤ ਦੀ ਮਦਦ ਕੀਤੀ ਹੈ। ਅਮਰੀਕਾ ਦੇ ਲਗਾਤਾਰ ਦਬਾਅ ਦੇ ਬਾਵਜੂਦ, ਭਾਰਤ ਨੇ ਈਰਾਨ ਦੇ ਨਾਲ ਆਪਣੇ ਸੰਬੰਧਾਂ ਨੂੰ ਬਰਕਰਾਰ ਰੱਖਿਆ ਹੈ।
ਖਾੜੀ ਖੇਤਰ ’ਚ ਇਕ ਕਰੋੜ ਭਾਰਤੀਆਂ ਦੀ ਸੁਰੱਖਿਆ
ਸਭ ਤੋਂ ਪਹਿਲਾਂ ਤਾਂ ਈਰਾਨ-ਇਜ਼ਰਾਈਲ ਦੇ ਵਿਚਕਾਰ ਇਸ ਲੜਾਈ ਦੇ ਗੰਭੀਰ ਹੋਣ ਦੀ ਸਥਿਤੀ ’ਚ ਖਾੜੀ ਖੇਤਰ ’ਚ ਕੰਮ ਕਰਨ ਵਾਲੇ 90 ਲੱਖ ਤੋਂ ਇਕ ਕਰੋੜ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਸਕਦੀ ਹੈ। ਇਨ੍ਹਾਂ ਭਾਰਤੀਆਂ ਨੇ ਪਿਛਲੇ ਸਾਲ ਹੀ ਕਰੀਬ 45 ਅਰਬ ਡਾਲਰ ਦੀ ਰਕਮ ਭੇਜੀ ਹੈ, ਜੋ ਦੇਸ਼ ਦੀ ਅਰਥਵਿਵਸਥਾ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਜ਼ਰਾਈਲ ’ਚ ਹੀ ਪਿਛਲੇ ਕੁਝ ਮਹੀਨਿਆਂ ’ਚ 12 ਹਜ਼ਾਰ ਭਾਰਤੀਆਂ ਨੂੰ ਕੰਮ ਕਰਨ ਲਈ ਭੇਜਿਆ ਗਿਆ ਹੈ। ਇਜ਼ਰਾਈਲ ’ਚ 18-20 ਹਜ਼ਾਰ ਭਾਰਤੀ ਰਹਿੰਦੇ ਹਨ। ਇਨ੍ਹਾਂ ’ਚ ਕਈ ਵਿਦਿਆਰਥੀਆਂ ਹਨ। ਇਸ ਤਰ੍ਹਾਂ ਇਰਾਨ ’ਚ ਵੀ 10 ਹਜ਼ਾਰ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ। ਇਨ੍ਹਾਂ ਸਭ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਚਿੰਤਾ ਭਾਰਤ ਦੀ ਹੈ। ਭਾਰਤ ਦੇ ਬਿਆਨ ਤੋਂ ਇਹ ਗੱਲ ਸਪੱਸ਼ਟ ਵੀ ਹੋ ਜਾਂਦੀ ਹੈ।
ਦੋਵੇਂ ਸਹਿਯੋਗੀ, ਕਿਸੇ ਇਕ ਨੂੰ ਚੁਣਨਾ ਮੁਸ਼ਕਲ
ਭਾਰਤੀਆਂ ਦੀ ਕੂਟਨੀਤੀ ਲਈ ਇਹ ਬਹੁਤ ਹੀ ਮੁਸ਼ਕਲ ਹੈ ਕਿ ਉਹ ਈਰਾਨ ਤੇ ਇਜ਼ਰਾਈਲ ’ਚੋਂ ਕਿਸੇ ਇਕ ਦੇਸ਼ ਨੂੰ ਚੁਣੇ। ਆਪ੍ਰੇਸ਼ਨ ਸਿੰਧੂਰ ਦੇ ਸਮੇਂ ਇਜ਼ਰਾਈਲ ਇਕਲੌਤਾ ਦੇਸ਼ ਸੀ, ਜਿਸ ਨੇ ਖੁੱਲ੍ਹ ਕੇ ਭਾਰਤ ਦਾ ਸਮਰਥਨ ਕੀਤਾ। ਦੂਜੀ ਪਾਸੇ ਈਰਾਨ ਨੂੰ ਭਾਰਤ ਖਾੜੀ ਖੇਤਰ ’ਚ ਆਪਣੇ ਲੰਬੇ ਸਮੇਂ ਦੇ ਹਿੱਤਾਂ ਲਈ ਲਾਜ਼ਮੀ ਸਮਝਦਾ ਹੈ। ਅਮਰੀਕਾ ਦੇ ਦਬਾਅ ਨੂੰ ਇਕ ਪਾਸੇ ਕਰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜਨਵਰੀ, 2024 ’ਚ ਤੇਹਰਾਨ ਦੀ ਯਾਤਰਾ ਕੀਤੀ ਸੀ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇਹਰਾਨ ਗਏ ਸਨ। ਅਕਤੂਬਰ, 2024 ’ਚ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪੀਐੱਮ ਨਰੇਂਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਆਨ ਨਾਲ ਮੀਟਿੰਗ ਕੀਤੀ ਸੀ। ਮਈ 2025 ’ਚ ਈਰਾਨ ਦੇ ਵਿਦੇਸ਼ ਮੰਤਰੀ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ। ਇਰਾਨ ਤੇ ਅਮਰੀਕਾ ’ਚ ਪਰਮਾਣੂ ਮੁੱਦੇ ’ਤੇ ਗੱਲਬਾਤ ਦੀ ਸ਼ੁਰੂਆਤ ਦੇ ਨਾਲ ਭਾਰਤ ਨੇ ਇਰਾਨ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾਈ ਸੀ।
ਮਹਿੰਗਾ ਕ੍ਰੂਡ-ਵੱਡੀ ਮੁਸੀਬਤ
ਖਾੜੀ ਦੇ ਹਾਲਾਤ ਵਿਗੜਣ ’ਤੇ ਹਰ ਵਾਰ ਕੱਚੇ ਤੇਲ ਦੀ ਕੀਮਤਾਂ ਵਧ ਜਾਂਦੀਆਂ ਹਨ। ਲੰਬੇ ਸਮੇਂ ਤੋਂ ਕਾਫੀ ਨਰਮਾਈ ਦੇ ਮਾਹੌਲ ’ਚ ਰਹਿ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ਇਜ਼ਰਾਈਲ-ਈਰਾਨ ਵਿਵਾਦ ਮਗਰੋਂ ਸ਼ੁੱਕਰਵਾਰ ਨੂੰ ਨੌਂ ਫੀਸਦ ਮਹਿੰਗੀਆਂ ਹੋ ਕੇ 75 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ ਹਨ। ਇਹ ਹਾਲੀਆ ਮਹੀਨਿਆਂ ’ਚ ਕਿਸੇ ਇਕ ਦਿਨ ’ਚ ਕ੍ਰੂਡ ਦੀ ਕੀਮਤਾਂ ’ਚ ਸਭ ਤੋਂ ਵੱਡਾ ਵਾਧਾ ਹੈ। ਭਾਰਤ ਆਪਣੀਆਂ ਜ਼ਰੂਰਤਾਂ ਦਾ 86 ਫੀਸਦ ਕੱਚਾ ਤੇਲ ਬਾਹਰੋਂ ਦਰਾਮਦ ਕਰਦਾ ਹੈ। ਇਸ ਵਿੱਚੋਂ 60 ਫੀਸਦ ਕੱਚਾ ਤੇਲ ਖਾੜੀ ਦੇ ਮੁਲਕਾਂ ਤੋਂ ਆਉਂਦਾ ਹੈ। ਕ੍ਰੂਡ ਦਾ ਸਸਤਾ ਹੋਣਾ ਹਰ ਵਾਰ ਭਾਰਤੀ ਅਰਥਵਿਵਸਥਾ ਲਈ ਫਾਇਦੇ ਦਾ ਸੌਦਾ ਹੁੰਦਾ ਹੈ। ਮਹਿੰਗਾ ਕ੍ਰੂਡ ਨਾ ਸਿਰਫ ਦੇਸ਼ ’ਚ ਪੂੰਜੀ ਖਾਤੇ ਦੇ ਘਾਟੇ (ਦਰਾਮਦ ’ਤੇ ਹੋਣ ਵਾਲੇ ਵਿਦੇਸ਼ੀ ਮੁਦਰਾ ਦੇ ਖਰਚੇ ਤੇ ਨਿਰਯਾਤ ਤੋਂ ਵਿਦੇਸ਼ੀ ਮੁਦਰਾ ਦੀ ਕਮਾਈ ਦਾ ਫਰਕ) ਨੂੰ ਵਧਾਉਂਦਾ ਹੈ, ਸਗੋਂ ਇਸ ਦਾ ਪ੍ਰਭਾਵ ਦੇਸ਼ ਦੀ ਮਹਿੰਗਾਈ ਦੀ ਦਰ ’ਤੇ ਵੀ ਦਿੱਖਾਈ ਦਿੰਦਾ ਹੈ।
ਭਾਰਤ ਦੀ ਅਪੀਲ-ਤਣਾਅ ਵਧਾਉਣ ਤੋਂ ਬਚੇ ਈਰਾਨ ਤੇ ਇਜ਼ਰਾਈਲ
ਭਾਰਤ ਨੇ ਦੋਹਾਂ ਦੇਸ਼ਾਂ ਨੂੰ ਤਣਾਅ ਵਧਾਉਣ ਤੋਂ ਬਚਣ ਅਤੇ ਵਿਵਾਦਿਤ ਮੁੱਦਿਆਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਢੰਗਾਂ ਦੀ ਵਰਤੋਂ ਕਰਨ ਦਾ ਅਪੀਲ ਕੀਤੀ ਹੈ। ਵਿਦੇਸ਼ ਮੰਤਰੀ ਮੰਡਲ ਨੇ ਕਿਹਾ ਕਿ ਈਰਾਨ ਤੇ ਇਜ਼ਰਾਈਲ ਦੀ ਸਥਿਤੀ ਤੋਂ ਅਸੀ ਬਹੁਤ ਚਿੰਤਿਤ ਹਾਂ। ਪਰਮਾਣੂ ਟਿਕਾਣਿਆਂ ’ਤੇ ਹਮਲਿਆਂ ਦੀਆਂ ਖ਼ਬਰਾਂ ਤੇ ਉੱਥੇ ਦੇ ਬਦਲਦਿਆਂ ਹਾਲਾਤਾਂ ’ਤੇ ਅਸੀ ਬਹੁਤ ਹੀ ਚੌਕੰਨੀ ਨਜ਼ਰ ਰਖ ਰਹੇ ਹਾਂ। ਭਾਰਤ ਦੋਹਾਂ ਪਾਸਿਆਂ ਨੂੰ ਅਪੀਲ ਕਰਦਾ ਹੈ ਕਿ ਉਹ ਹਾਲਾਤਾਂ ਨੂੰ ਹੋਰ ਗੰਭੀਰ ਬਣਾਉਣ ਲਈ ਕੋਈ ਕਦਮ ਨਾ ਉਠਾਏ। ਭਾਰਤ ਦੇ ਦੋਹਾਂ ਦੇਸ਼ਾਂ ਨਾਲ ਨੇੜਲੇ ਮਿੱਤਰਤਾ ਵਾਲੇ ਸੰਬੰਧ ਹਨ। ਅਸੀਂ ਮੌਜੂਦਾ ਹਾਲਾਤਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਾਂ। ਦੋਹਾਂ ਦੇਸ਼ਾਂ ’ਚ ਸਾਡੇ ਮਿਸ਼ਨ ਨਾਗਰਿਕਾਂ ਨਾਲ ਸੰਪਰਕ ’ਚ ਹੈ। ਅਸੀਂ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਤੇ ਥਾਈਂ ਸੁਰੱਖਿਆ ਸੁਝਾਵਾਂ ਦੀ ਪਾਲਣ ਕਰਨ ਦੀ ਸਲਾਹ ਦਿੰਦੇ ਹਾਂ।
More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ