ਸੰਤ ਸੀਚੇਵਾਲ ਨੇ ਮੁੱਖ ਮੰਤਰੀ ਕੋਲੋ ਕਾਸ਼ਤਕਾਰਾਂ ਨੂੰ ਮੁਆਵਜਾ ਦੇਣ ਦੀ ਕੀਤੀ ਮੰਗ

ਕਪੂਰਥਲਾ, (TLT NEWS) ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋ ਮੰਗ ਕੀਤੀ ਕਿ ਫਸਲਾਂ ਦਾ ਮੁਆਵਜ਼ਾ ਕਾਸ਼ਤਕਾਰ ਨੂੰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੇ ਜ਼ਮੀਨ ਠੇਕੇ ‘ਤੇ ਲੈਕੇ ਝੋਨਾ ਬੀਜਿਆ ਹੋਇਆ ਸੀ। ਖੇਤਾਂ ਵਿੱਚ ਪਿਛਲੇ 13 ਦਿਨਾਂ ਤੋਂ ਪਾਣੀ ਖੜ੍ਹਾ ਰਹਿਣ ਕਾਰਨ ਝੋਨੇ ਦੀ ਫਸਲ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈ ਹੈ। ਸੰਤ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਰਕਾਰ ਵੱਲੋਂ ਜਿਹੜਾ ਮੁਆਵਜ਼ਾ ਫਸਲਾਂ ਦੇ ਖਰਾਬੇ ਦਾ ਦਿੱਤਾ ਜਾਂਦਾ ਹੈ ਉਹ ਜ਼ਮੀਨਾਂ ਦੀ ਮਾਲਕੀ ਦੇਖਕੇ ਦਿੱਤਾ ਜਾਂਦਾ ਹੈ। ਇਸ ਕਰਕੇ ਮੁਆਵਜ਼ਾ ਜ਼ਮੀਨ ਦੇ ਮਾਲਕ ਨੂੰ ਚਲਿਆ ਜਾਂਦਾ ਹੈ ਜਦ ਕਿ ਉਸ ਨੇ ਇਹ ਜ਼ਮੀਨ ਠੇਕੇ ‘ਤੇ ਦਿੱਤੀ ਹੁੰਦੀ ਹੈ। ਇਸ ਨਾਲ ਕਾਸ਼ਤਕਾਰ ਨੂੰ ਦੋਹਰਾ ਨੁਕਸਾਨ ਝੱਲਣਾ ਪੈਂਦਾ ਹੈ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਕੋਲੋ ਇਹ ਮੰਗ ਵੀ ਕੀਤੀ ਕਿ ਹੜ੍ਹ ਨਾਲ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਅਗਲੀ ਹਾੜੀ ਦੀ ਫਸਲ ਬੀਜਣ ਤੋਂ ਪਹਿਲ-ਪਹਿਲਾਂ ਮਿਲ ਜਾਵੇ ਤਾਂ ਜੋ ਆਰਥਿਕ ਸੰਕਟ ਦਾ ਸ਼ਿਕਾਰ ਹੋਈ ਕਿਸਾਨੀ ‘ਤੇ ਹੋਰ ਵਿੱਤੀ ਬੋਝ ਨਾ ਪਵੇ।
ਸੰਤ ਸੀਚੇਵਾਲ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਵੀ ਦੱਸਿਆ ਕਿ ਮੰਡ ਇਲਾਕੇ ਦੇ ਕਿਸਾਨਾਂ ਦਾ ਜੀਵਨ ਬਹੁਤ ਹੀ ਚਣੌਤੀਆਂ ਭਰਿਆ ਹੁੰਦਾ ਹੈ। ਉਨ੍ਹਾਂ ਨੂੰ ਹਰ ਦੂਜੇ ਜਾਂ ਤੀਜੇ ਸਾਲ ਵਿੱਚ ਅਜਿਹੇ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾਂ ਹੈ ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਘਾਟਾ ਪੈਂਦਾ ਹੈ।
ਇਸਤੋਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ। ਜਿਸਤੋਂ ਬਾਅਦ ਉਹਨਾਂ ਵੱਲੋਂ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਮੈਡੀਕਲ ਕੈਂਪਾਂ ਦਾ ਸਰਵੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ 11 ਅਗਸਤ ਨੂੰ ਜਾ ਕੇ ਮੋਰਚਾ ਸੰਭਾਲ ਲਿਆ ਗਿਆ ਸੀ। ਪਹਿਲੇ ਦਿਨ ਤੋਂ ਹੀ ਦੋ ਮੋਟਰ ਬੋਟ ਲਗਾ ਕੇ ਪਾਣੀ ਵਿੱਚ ਘਿਰੇ ਪਿੰਡਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕਾਰਜ ਸ਼ੁਰੂ ਕਰ ਦਿੱਤਾ ਸੀ। ਪੀੜਤ ਲੋਕਾਂ ਡਦਾ ਸਮਾਨ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਸੀ। ਜਿਹੜੇ ਲੋਕਾਂ ਨੇ ਆਪਣੇ ਘਰ ਅਤੇ ਪਸ਼ੂ ਬਾਹਰ ਨਹੀਂ ਸੀ ਕੱਢੇ ਉਨ੍ਹਾਂ ਨੂੰ ਉਥੇ ਹੀ ਹਰਾ ਚਾਰਾ ਅਤੇ ਹੋਰ ਵਸਤਾਂ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਸੀ।