TLT NEWS/ਅਮਰੀਕਾ ਦੇ ਫਲੋਰੀਡਾ ਸੂਬੇ ’ਚ ਪਿਛਲੇ ਦਿਨੀਂ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹਾਈਵੇ ’ਤੇ ਗ਼ਲਤ ਯੂ-ਟਰਨ ਲੈਣ ਕਾਰਨ ਵਾਪਰੇ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਉੱਥੇ ਸੜਕਾਂ ’ਤੇ ਰਾਤ-ਦਿਨ ਟਰੱਕ ਚਲਾਉਣ ਵਾਲੇ ਲਗਪਗ 1.50 ਲੱਖ ਪੰਜਾਬੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿਚ ਪੈ ਗਈ ਹੈ। ਘਟਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ ਵਰਕਰ ਵੀਜ਼ੇ ’ਤੇ ਤੁਰੰਤ ਪ੍ਰਭਾਵ ਨਾਲ ਇਹ ਕਹਿ ਕੇ ਰੋਕ ਲਗਾ ਦਿੱਤੀ ਹੈ ਕਿ ਵੱਡੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਲਗਾਤਾਰ ਵਧਦੀ ਗਿਣਤੀ ਨੇ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਦਿੱਤਾ ਹੈ। ਵਰਕ ਵੀਜ਼ਾ ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ’ਤੇ ਰੋਕ ਨਾਲ ਪੰਜਾਬੀ ਡਰਾਈਵਰਾਂ ’ਤੇ ਇਸ ਦਾ ਅਸਰ ਪੈਣਾ ਤੈਅ ਹੈ। ਪੰਜਾਬ ’ਚ ਇਹ ਵਿਵਾਦ ਸਿਆਸੀ ਪਾਰਟੀਆਂ ਲਈ ਇਕ ਵੱਡਾ ਮੁੱਦਾ ਬਣ ਗਿਆ ਹੈ
ਪੰਜਾਬ ’ਚ ਭਾਰੀ ਵਾਹਨਾਂ ਦੀ ਡਰਾਈਵਿੰਗ ਸਿੱਖ ਰਹੇ ਪੰਜਾਬੀਆਂ ਦੀ ਪਹਿਲੀ ਪਸੰਦ ਅਮਰੀਕਾ ਬਣਿਆ ਹੋਇਆ ਹੈ। ਇਕ ਡਰਾਈਵਰ ਜਿਹੜਾ ਰੋਜ਼ਾਨਾ 500 ਤੋਂ 600 ਮੀਲ ਟਰੱਕ ਚਲਾ ਸਕਦਾ ਹੈ, ਉਹ ਹਰ ਮਹੀਨੇ ਪੰਜ ਤੋਂ ਛੇ ਲੱਖ ਰੁਪਏ (ਸੱਤ ਹਜ਼ਾਰ ਤੋਂ ਅੱਠ ਹਜ਼ਾਰ ਡਾਲਰ) ਕਮਾ ਸਕਦਾ ਹੈ। ਕੁਝ ਟਰੱਕ ਡਰਾਈਵਰਾਂ ਨੂੰ ਪ੍ਰਤੀ ਘੰਟੇ ਦੇ ਹਿਸਾਬ ਨਾਲ ਭੁਗਤਾਨ ਮਿਲਦਾ ਹੈ ਜਿਹੜਾ ਔਸਤਨ 1680 ਤੋਂ 2520 ਰੁਪਏ ਹੁੰਦਾ ਹੈ। ਪੰਜਾਬੀ ਨੌਜਵਾਨ ਪੰਜਾਬ ਤੋਂ ਭਾਰੀ ਵਾਹਨ ਚਲਾਉਣ ਦੀ ਸਿਖਲਾਈ ਲੈ ਕੇ ਅਮਰੀਕਾ ’ਚ ਭਾਰੀ ਵਾਹਨ ਚਲਾਉਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਉਹ ਪਹਿਲਾਂ ਜਿਸ ਵੀ ਦੇਸ਼ ਵਿਚ ਜਾਣਾ ਪਵੇ, ਉੱਥੇ ਚਲੇ ਜਾਂਦੇ ਹਨ ਅਤੇ ਉੱਥੋਂ ਉਨ੍ਹਾਂ ਦਾ ਮਕਸਦ ਅਮਰੀਕਾ ਪੁੱਜ ਕੇ ਉੱਥੇ ਟਰੱਕ ਚਲਾਉਣਾ ਹੁੰਦਾ ਹੈ। ਨਵੇਂ ਹਾਲਾਤ ਵਿਚ ਜੇਕਰ ਵਰਕਰ ਵੀਜ਼ਾ ਨਹੀਂ ਮਿਲਦਾ ਤਾਂ ਪੰਜਾਬੀ ਨੌਜਵਾਨਾਂ ਕੋਲ ਕੈਨੇਡਾ, ਇਟਲੀ, ਆਸਟ੍ਰੇਲੀਆ ਤੇ ਦੁਬਈ ਦੇ ਬਦਲ ਹੋਣਗੇ।
ਅਮਰੀਕਾ ਵਿਚ ਵਾਪਰੇ ਫਲੋਰੀਡਾ ਕਾਂਡ ਦੀ ਗੂੰਜ ਕੈਨੇਡਾ ’ਚ ਵੀ ਸੁਣਾਈ ਦੇ ਰਹੀ ਹੈ। ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੇ ਕੈਨੇਡਾ ਸਰਕਾਰ ਨੂੰ ਕਿਹਾ ਹੈ ਕਿ ਅਮਰੀਕਾ ਦੀ ਰੋਕ ’ਤੇ ਜੇਕਰ ਕੈਨੇਡਾ ਨੇ ਧਿਆਨ ਨਹੀਂ ਦਿੱਤਾ ਤਾਂ ਅਜਿਹੀਆਂ ਪਾਬੰਦੀਆਂ ਕੈਨੇਡਾ ਦੇ ਟਰੱਕ ਡਰਾਈਵਰਾਂ ਨੂੰ ਵੀ ਭੁਗਤਣੀਆਂ ਪੈ ਸਕਦੀਆਂ ਹਨ, ਇਸ ਲਈ ਕੈਨੇਡਾ ਵਿਚ ਪਰਵਾਸੀ ਡਰਾਈਵਰਾਂ ਨਾਲ ਜੁੜੀ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ
ਅੰਗਰੇਜ਼ੀ ਲਾਜ਼ਮੀ ਕਰਨ ਨਾਲ ਅਪ੍ਰੈਲ ਤੋਂ ਹੁਣ ਤੱਕ 2500 ਲਾਇਸੈਂਸ ਮੁਅੱਤਲ
ਅਮਰੀਕਾ ’ਚ ਪੰਜਾਬੀ ਡਰਾਈਵਰਾਂ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਹੁਣ ਤੱਕ 2500 ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ’ਤੇ ਰੁਜ਼ਗਾਰ ਦਾ ਖੜ੍ਹਾ ਹੋ ਗਿਆ ਹੈ। ਫੈਡਰਲ ਮੋਟਰ ਕਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ‘ਅਮਰੀਕਾ ਫਸਟ’ ਨੀਤੀ ਤਹਿਤ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਲਾਜ਼ਮੀ ਕਰ ਦਿੱਤੀ ਹੈ। ਪੰਜਾਬੀ ਡਰਾਈਵਰ ਇਸ ਕਾਰਨ ਵੀ ਪਰੇਸ਼ਾਨੀ ਵਿਚ ਆ ਗਏ ਹਨ।
7 ਤੋਂ 10 ਦਿਨਾਂ ’ਚ ਲਾਇਸੈਂਸ ਜਾਰੀ ਕਰਨ ਵਾਲੇ ਟ੍ਰੇਨਿੰਗ ਸਕੂਲਾਂ ’ਤੇ ਨਕੇਲ ਕੱਸੋ
ਕੈਲੀਫੋਰਨੀਆ ’ਚ 1,50,000 ਟਰੱਕ ਡਰਾਈਵਰਾਂ ਦੇ ਸੰਗਠਨ ਨਾਰਥ ਅਮਰੀਕਨ ਪੰਜਾਬ ਟਰੱਕਿੰਗ ਐਸੋਸੀਏਸ਼ਨ (ਨਾਪਟਾ) ਦੇ ਪ੍ਰਧਾਨ ਨੇ ਕਿਹਾ ਕਿ ਕਈ ਡਰਾਈਵਿੰਗ ਸਕੂਲ ਸਿਰਫ਼ 7 ਤੋਂ 10 ਦਿਨਾਂ ਵਿਚ ਘੱਟੋ-ਘੱਟ ਰੋਡ ਟ੍ਰੇਨਿੰਗ ਦੇ ਲਾਇਸੈਂਸ ਜਾਰੀ ਕਰ ਦਿੰਦੇ ਹਨ। ਉਨ੍ਹਾਂ ਨੇ ਉਥਾਹ ਸੂਬੇ ’ਚ ਪੂਰੀ ਸਿਖਲਾਈ ਦੇ ਬਿਨਾਂ ਲਾਇਸੈਂਸ ਖ਼ਰੀਦਣ ਦੀ ਉਦਾਹਰਨ ਦਿੱਤੀ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਇਸ ਮੁੱਦੇ ’ਤੇ ਗ਼ੈਰ-ਭਾਰਤੀ ਡਰਾਈਵਰਾਂ ਦੇ ਹਾਦਸਿਆਂ ਨੂੰ ਭੁਲਾ ਕੇ ਇਕ ਪੰਜਾਬੀ ਡਰਾਈਵਰ ਹੱਥੋਂ ਹੋਏ ਹਾਦਸੇ ’ਤੇ ਸਿਆਸਤ ਨਾ ਕਰਨ ਸਗੋਂ ਸਿਸਟਮ ਠੀਕ ਕਰਨ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ