ਹੋ ਗਿਆ ਲਾਗੂ ਭਾਰਤੀ ਸਾਮਾਨ ‘ਤੇ ਅੱਜ ਤੋਂ 50% Trump Tariff, ਇਸ ਕੰਡੀਸ਼ਨ ‘ਚ ਅਜੇ ਵੀ ਬਚ ਸਕਦੇ ਹਨ ਕਾਰੋਬਾਰੀ

ਨਵੀਂ ਦਿੱਲੀ/TLT NEWS : 50 ਫ਼ੀਸਦੀ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਵੀ ਅਮਰੀਕੀ ਸ਼ਰਤਾਂ ਦੇ ਅੱਗੇ ਨਾ ਝੁਕਣ ਦੀ ਕੀਮਤ ਭਾਰਤ ਨੂੰ ਬੁੱਧਵਾਰ ਯਾਨੀ ਅੱਜ 9.31 ਵਜੇ ਤੋਂ ਚੁਕਾਉਣੀ ਪਵੇਗੀ। 27 ਅਗਸਤ ਤੋਂ ਭਾਰਤ ਤੋਂ ਅਮਰੀਕਾ ਨੂੰ ਬਰਾਮਦ ਹੋਣ ਵਾਲੀਆਂ ਵਸਤਾਂ ’ਤੇ 50 ਫ਼ੀਸਦੀ ਟੈਰਿਫ ਲੱਗੇਗਾ, ਜੋ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਹਾਲੇ ਤੱਕ ਇਹ ਟੈਰਿਫ 25 ਫ਼ੀਸਦੀ ਸੀ। ਇਸ ਤੋਂ ਇਲਾਵਾ ਦੁਵੱਲੇ ਟੈਰਿਫ ਤੋਂ ਪਹਿਲਾਂ ਲੱਗਣ ਵਾਲੇ ਟੈਰਿਫ ਵੀ ਲੱਗਣਗੇ। ਜਿਵੇਂ ਕਾਰਪੈਟ ਬਰਾਮਦ ’ਤੇ ਅਪ੍ਰੈਲ ਤੋਂ ਪਹਿਲਾਂ ਅਮਰੀਕੀ ਬਾਜ਼ਾਰ ’ਚ ਸਿਰਫ਼ 2.9 ਫੀਸਦੀ ਦਾ ਟੈਰਿਫ ਲੱਗਦਾ ਸੀ, ਜਿਹੜਾ ਹੁਣ 52.9 ਫ਼ੀਸਦੀ ਹੋ ਜਾਏਗਾ। ਟੈਰਿਫ ’ਚ ਇਸ ਭਾਰੀ ਵਾਧੇ ਨਾਲ ਭਾਰਤੀ ਵਸਤਾਂ ਅਮਰੀਕੀ ਬਾਜ਼ਾਰ ’ਚ ਕਾਫ਼ੀ ਮਹਿੰਗੀਆਂ ਹੋ ਜਾਣਗੀਆਂ। ਇਸ ਨਾਲ ਭਾਰਤ ਦੀ 30-35 ਅਰਬ ਡਾਲਰ ਦੀ ਬਰਾਮਦ ਪ੍ਰਭਾਵਿਤ ਹੋਵੇਗੀ। ਅਮਰੀਕੀ ਖੇਤੀ, ਡੇਅਰੀ ਤੇ ਮੱਛੀ ਵਰਗੇ ਸੈਕਟਰ ’ਚ ਭਾਰਤੀ ਬਾਜ਼ਾਰ ਨੂੰ ਪੂਰੀ ਤਰ੍ਹਾਂ ਨਾਲ ਟੈਰਿਫ ਮੁਕਤ ਕਰਾਉਣਾ ਚਾਹੁੰਦੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਕੀਤਾ ਹੈ ਕਿ ਕਿਸਾਨਾਂ, ਮਛੇਰਿਆਂ ਤੇ ਛੋਟੇ ਉੱਦਮੀਆਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਤੇ ਇਹ ਵਰਗ ਸਰਕਾਰ ਲਈ ਸਭ ਤੋਂ ਉੱਪਰ ਹਨ। ਸਰਕਾਰ ਅਮਰੀਕਾ ’ਚ ਪ੍ਰਭਾਵਿਤ ਹੋਣ ਵਾਲੀ ਬਰਾਮਦ ਦੀ ਭਰਪਾਈ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਛੇਤੀ ਹੀ ਬਰਾਮਦਕਾਰਾਂ ਲਈ ਐਕਸਪੋਰਟ ਪ੍ਰਮੋਸ਼ਨ ਮਿਸ਼ਨ ਵਰਗੇ ਰਾਹਤ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ’ਚ 50 ਫ਼ੀਸਦੀ ਅਮਰੀਕੀ ਟੈਰਿਫ ਦੇ ਪ੍ਰਭਾਵ ਤੇ ਅੱਗੋਂ ਦੀ ਰਣਨੀਤੀ ’ਤੇ ਚਰਚਾ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵੀ ਮੌਜੂਦ ਸਨ।

ਇਨ੍ਹਾਂ ਵਸਤਾਂ ਦੀ ਬਰਾਮਦ ਹੋਵੇਗੀ ਪ੍ਰਭਾਵਿਤ

ਅਮਰੀਕਾ ਦੇ ਵਧੇ ਹੋਏ ਟੈਰਿਫ ਨਾਲ ਮੁੱਖ ਤੌਰ ’ਤੇ ਸਮੁੰਦਰੀ ਉਤਪਾਦ ਖ਼ਾਸ ਤੌਰ ’ਤੇ ਝੀਂਗਾ, ਆਰਗੈਨਿਕ ਕੈਮੀਕਲਸ, ਅਪੈਰਲ, ਟੈਕਸਟਾਈਲ, ਮੇਡ-ਅੱਪਸ, ਹੀਰੇ ਤੇ ਸੋਨੇ ਦੇ ਜੇਵਰਾਤ, ਇਲੈਕਟ੍ਰੀਕਲ ਤੇ ਮਕੈਨਿਕਲ ਮਸ਼ੀਨਰੀ, ਲੈਦਰ ਤੇ ਫੁੱਟਵੀਅਰ, ਫਰਨੀਚਰ ਤੇ ਬੈੱਡ ਵਰਗੀਆਂ ਵਸਤਾਂ ਦੀ ਬਰਾਮਦ ਪ੍ਰਭਾਵਿਤ ਹੋਵੇਗੀ। ਫਾਰਮਾ, ਸਮਾਰਟਫੋਨ ਤੇ ਹੋਰ ਇਲੈਕਟ੍ਰਾਨਿਕ ਤੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਨੂੰ 50 ਫ਼ੀਸਦੀ ਟੈਰਿਫ ਤੋਂ ਮੁਕਤ ਰੱਖਿਆ ਗਿਆ ਹੈ।

ਬਰਾਮਦ ਵਧਾਉਣ ਲਈ ਕੀਤੀ 50 ਦੇਸ਼ਾਂ ਦੀ ਪਛਾਣ

ਵਣਜ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਚੀਨ ਸਮੇਤ ਲਾਤੀਨੀ ਅਮਰੀਕਾ ਤੇ ਪੱਛਮੀ ਏਸ਼ੀਆ ਦੇ ਅਜਿਹੇ ਕਰੀਬ 50 ਦੇਸ਼ਾਂ ਦੀ ਪਛਾਣ ਕੀਤੀ ਹੈ ਜਿੱਥੇ ਭਾਰਤ ਬਰਾਮਦ ਵਧਾ ਸਕਦਾ ਹੈ। ਇਨ੍ਹਾਂ ਦੇਸ਼ਾਂ ਨੂੰ ਬਰਾਮਦ ਕੀਤੀਆਂ ਜਾ ਸਕਣ ਵਾਲੀਆਂ ਵਸਤਾਂ ’ਚ ਟੈਕਸਟਾਈਲ, ਪ੍ਰੋਸੈਸਡ ਖ਼ੁਰਾਕੀ ਵਸਤਾਂ, ਚਮੜੇ ਦੀਆਂ ਵਸਤਾਂ ਤੇ ਸਮੁੰਦਰੀ ਉਤਪਾਦ ਸ਼ਾਮਲ ਹਨ।

ਰੁਜ਼ਗਾਰ ਹੋ ਸਕਦੇ ਹਨ ਪ੍ਰਭਾਵਿਤ

ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀਟੀਆਰਆਈ) ਨੇ ਕਿਹਾ ਹੈ ਕਿ ਅਮਰੀਕਾ ਦੇ ਇਸ ਕਦਮ ਨਾਲ ਵੱਡੀ ਗਿਣਤੀ ’ਚ ਰੁਜ਼ਗਾਰ ਪ੍ਰਭਾਵਿਤ ਹੋ ਸਕਦੇ ਹਨ। ਵਿੱਤੀ ਸਾਲ 2024-25 ’ਚ ਭਾਰਤ ਨੇ ਅਮਰੀਕਾ ਨੂੰ 86 ਅਰਬ ਡਾਲਰ ਦੀ ਬਰਾਮਦ ਕੀਤੀ ਸੀ। ਜੀਟੀਆਰਆਈ ਦਾ ਅਨੁਮਾਨ ਹੈ ਕਿ ਕੁੱਲ ਬਰਾਮਦ ’ਚ 43 ਫ਼ੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ।

ਬਰਾਮਦ ਇਕਾਈਆਂ ’ਚ ਪੈਦਾਵਾਰ ਕਟੌਤੀ ਸ਼ੁਰੂ

ਫੈਡਰੇਸ਼ਨ ਆਫ ਇੰਡੀਅਨ ਐਸਪੋਰਟ ਆਰਗੇਨਾਈਜ਼ੇਸ਼ਨ (ਫੀਓ) ਦੇ ਚੇਅਰਮੈਨ ਐੱਸਸੀ ਰਲਹਨ ਦੇ ਮੁਤਾਬਕ, ਅਮਰੀਕਾ ਦੇ ਭਾਰੀ ਟੈਰਿਫ ਦੇ ਕਾਰਨ ਨੋਇਡਾ, ਸੂਰਤ, ਤਿਰੁਪਤੀ ਵਰਗੀਆਂ ਥਾਵਾਂ ’ਤੇ ਬਰਾਮਦ ਇਕਾਈਆਂ ’ਚ ਪੈਦਾਵਾਰ ’ਚ ਕਟੌਤੀ ਸ਼ੁਰੂ ਹੋ ਗਈ ਹੈ, ਜਿਸ ਨਾਲ ਰੁਜ਼ਗਾਰ ’ਤੇ ਅਸਰ ਪਵੇਗਾ। ਕ੍ਰਿਸਿਲ ਨੇ ਵੀ ਆਪਣੀ ਰਿਪੋਰਟ ’ਚ ਗਾਰਮੈਂਟ ਦੀ ਬਰਾਮਦ ’ਚ ਗਿਰਾਵਟ ਦਾ ਖ਼ਦਸ਼ਾ ਜਾਹਰ ਕੀਤਾ ਹੈ। ਭਾਰਤ ਦਾ ਸਭ ਤੋਂ ਵੱਡਾ ਬਰਾਮਦ ਬਾਜ਼ਾਰ ਅਮਰੀਕਾ ਹੈ, ਜਿੱਥੇ ਪਿਛਲੇ ਚਾਰ ਸਾਲਾਂ ਤੋਂ ਭਾਰਤੀ ਬਰਾਮਦ ’ਚ ਲਗਾਤਾਰ ਵਾਧਾ ਹੋ ਰਿਹਾ ਸੀ।

ਅਮਰੀਕਾ ਨੇ ਰੱਦ ਕਰ ਦਿੱਤੀ ਸੀ ਬੀਟੀਏ ਗੱਲਬਾਤ

ਭਾਰਤ ਤੇ ਅਮਰੀਕਾ ਵਿਚਾਲੇ ਇਸ ਸਾਲ ਅਪ੍ਰੈਲ ਤੋਂ ਦੁਵੱਲੇ ਵਪਾਰ ਸਮਝੌਤੇ (ਬੀਟੀਏ) ’ਤੇ ਗੱਲਬਾਤ ਸ਼ੁਰੂ ਹੋਈ ਸੀ। ਦੋਵੇਂ ਦੇਸ਼ ਇਸ ਸਾਲ ਅਕਤੂਬਰ ਤੱਕ ਬੀਟੀਏ ਦਾ ਪਹਿਲਾ ਪੜਾਅ ਪੂਰਾ ਹੋਣ ਦੀ ਉਮੀਦ ਕਰ ਰਹੇ ਸਨ। ਬੀਟੀਏ ਨੂੰ ਲੈ ਕੇ ਕਈ ਪੜਾਵਾਂ ਦੀ ਬੈਠਕ ਹੋ ਵੀ ਚੁੱਕੀ ਸੀ। 25 ਅਗਸਤ ਤੋਂ ਅਗਲੇ ਪੜਾਅ ਦੀ ਬੈਠਕ ਲਈ ਅਮਰੀਕੀ ਵਫ਼ਦ ਨੇ ਦਿੱਲੀ ਆਉਣਾ ਸੀ, ਜਿਸ ਨੂੰ ਅਮਰੀਕਾ ਨੇ ਰੱਦ ਕਰ ਦਿੱਤਾ। ਅਮਰੀਕਾ ਦਾ ਦੋਸ਼ ਹੈ ਕਿ ਭਾਰਤ ਨੇ ਰੂਸ ਤੋਂ ਕੱਚਾ ਤੇਲ ਤੇ ਹਥਿਆਰ ਖ਼ਰੀਦ ਕੇ ਯੂਕਰੇਨ ਦੇ ਖਿਲਾਫ਼ ਜੰਗ ’ਚ ਉਸ ਦੀ ਮਦਦ ਕੀਤੀ ਹੈ।

ਅੱਜ ਸਵੇਰੇ 9.31 ਵਜੇ ਤੋਂ ਹੋਇਆ ਲਾਗੂ

ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਨੇ ਭਾਰਤ ’ਤੇ ਹੋਰ 25 ਫ਼ੀਸਦੀ ਟੈਰਿਫ ਲਗਾਉਣ ਦਾ ਖਰੜਾ ਆਦੇਸ਼ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਵਧੇ ਹੋਏ ਟੈਰਿਫ ਅਮਰੀਕਾ ’ਚ ਮੰਗਲਵਾਰ-ਬੁੱਧਵਾਰ ਰਾਤ 12.01 ਵਜੇ ਤੋਂ (ਭਾਰਤੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ 9.31 ਵਜੇ) ਅਮਲ ’ਚ ਆਉਣਗੇ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਭਾਰਤੀ ਉਤਪਾਦਾਂ ਨੂੰ ਨਵੇਂ 50 ਫ਼ੀਸਦੀ ਟੈਰਿਫ ਤੋਂ ਛੋਟ ਹੋਵੇਗੀ, ਜਿਹੜੇ 27 ਅਗਸਤ, 2025 ਨੂੰ 12.01 ਵਜੇ (ਈਸਟਰਨ ਡੇਅ ਟਾਈਮ-ਈਡੀਟੀ) ਤੋਂ ਪਹਿਲਾਂ ਜਹਾਜ਼ ’ਤੇ ਲੱਦੇ ਜਾ ਚੁੱਕੇ ਹਨ ਤੇ ਅਮਰੀਕਾ ਰਵਾਨਾ ਹੋ ਚੁੱਕੇ ਹਨ, ਬਸ਼ਰਤੇ ਉਨ੍ਹਾਂ ਨੂੰ ਦੇਸ਼ ਵਿਚ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੋਵੇ ਜਾਂ 17 ਸਤੰਬਰ, 2025 ਨੂੰ 12.01 ਵਜੇ (ਈਡੀਟੀ) ਤੋਂ ਪਹਿਲਾਂ ਇਸਤੇਮਾਲ ਲਈ ਗੋਦਾਮ ਤੋਂ ਬਾਹਰ ਲਿਆਂਦਾ ਗਿਆ ਹੋਵੇ ਤੇ ਦਰਾਮਦਕਾਰ ਨੇ ਅਮਰੀਕੀ ਕਸਟਮ ’ਚ ਇਸ ਨੂੰ ਸਾਬਤ ਕੀਤਾ ਹੋਵੇ।

ਜ਼ਿਆਦਾ ਪ੍ਰਭਾਵਿਤ ਹੋਣ ਵਾਲੀ ਬਰਾਮਦ ਤੇ ਉਨ੍ਹਾਂ ’ਤੇ ਕੁੱਲ ਟੈਰਿਫ

ਝੀਂਗਾ 60 ਫ਼ੀਸਦੀ

ਕਾਰਪੈਟ 52.9 ਫ਼ੀਸਦੀ

ਅਪੈਰਲ ਨਿਟੇਡ 63.9 ਫੀਸਦੀ

ਅਪੈਰਲ ਵੂਵਨ 60.3 ਫ਼ੀਸਦੀ

ਟੈਕਸਟਾਈਲ ਮੇਡਅੱਪ 59 ਫ਼ੀਸਦੀ

ਹੀਰੇ ਤੇ ਸੋਨੇ ਦੀਆਂ ਆਈਟਮਾਂ 52.1 ਫ਼ੀਸਦੀ

ਮਸ਼ੀਨਰੀ 51.3 ਫ਼ੀਸਦੀ

ਫਰਨੀਚਰ ਤੇ ਬੈੱਡ 52.3 ਫ਼ੀਸਦੀ

ਭਾਰਤ ਦੇ ਵਿਰੋਧੀ ਦੇਸ਼ਾਂ ’ਤੇ ਟੈਰਿਫ

ਮਿਆਂਮਾਰ 40 ਫ਼ੀਸਦੀ

ਥਾਈਲੈਂਡ 36 ਫੀਸਦੀ

ਕੰਬੋਡੀਆ 36 ਫ਼ੀਸਦੀ

ਬੰਗਲਾਦੇਸ਼ 35 ਫ਼ੀਸਦੀ

ਇੰਡੋਨੇਸ਼ੀਆ 32 ਫ਼ੀਸਦੀ

ਚੀਨ 30 ਫ਼ੀਸਦੀ

ਸ੍ਰੀਲੰਕਾ 30 ਫ਼ੀਸਦੀ

ਮਲੇਸ਼ੀਆ 25 ਫ਼ੀਸਦੀ

ਫਿਲਪੀਨ 20 ਫ਼ੀਸਦੀ

ਵੀਅਤਨਾਮ 20 ਫ਼ੀਸਦੀ