GST ਤੋਂ ਬਾਅਦ ਹੁਣ ਇਕ ਹੋਰ ਰਾਹਤ ਦੇਣ ਦਾ ਪਲਾਨ ਬਣਾ ਰਹੀ ਸਰਕਾਰ, ਟਰੰਪ ਟੈਰਿਫ ਦੀ ਟੈਨਸ਼ਨ ਤੋਂ ਕਾਰੋਬਾਰੀ ਹੋ ਜਾਣਗੇ ਫ੍ਰੀ

 ਨਵੀਂ ਦਿੱਲੀ/TLT NEWS : ਕੇਂਦਰ ਸਰਕਾਰ ਨੇ ਜੀਐਸਟੀ (Goods and Services Tax) ‘ਚ ਸੁਧਾਰ ਕਰਨ ਤੋਂ ਬਾਅਦ ਹੁਣ ਅਮਰੀਕਾ ਦੇ ਨਵੇਂ ਟੈਰੀਫ਼ ਨਾਲ ਪਰੇਸ਼ਾਨ ਦਰਾਮਦਕਾਰਾਂ ਲਈ ਰਾਹਤ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ।ਐਨਡੀਟੀਵੀ ਦੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 50 ਫੀਸਦੀ ਟੈਰਿਫ਼ ਨਾਲ ਪ੍ਰਭਾਵਿਤ ਕਾਰੋਬਾਰੀਆਂ, ਖਾਸ ਕਰਕੇ ਟੈਕਸਟਾਈਲ, ਰਤਨ ਤੇ ਗਹਿਣੇ ਵਰਗੇ ਖੇਤਰਾਂ ਨੂੰ ਸਹਾਇਤਾ ਦੇਣ ਲਈ ਜਲਦ ਹੀ ਕਈ ਯੋਜਨਾਵਾਂ ਲਿਆਂਦੀਆਂ ਜਾਣਗੀਆਂ। ਇਹ ਪੈਕੇਜ ਛੋਟੇ ਦਰਾਮਦਕਾਰਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ, ਨੌਕਰੀਆਂ ਨੂੰ ਬਚਾਉਣ ਤੇ ਨਵੇਂ ਬਾਜ਼ਾਰਾਂ ਦੀ ਭਾਲ ਕਰਨ ‘ਚ ਮਦਦ ਕਰੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਰਾਹਤ ਪੈਕੇਜ ਨੂੰ ਕੋਵਿਡ-19 ਦੌਰਾਨ ਐਮਐਸਐਮਈ (ਲਘੂ, ਛੋਟੇ ਤੇ ਮੱਧਮ ਉਦਯੋਗ) ਨੂੰ ਦਿੱਤੀ ਗਈ ਮਦਦ ਦੀ ਤਰਜ਼ ‘ਤੇ ਤਿਆਰ ਕਰ ਰਹੀ ਹੈ।

ਇਸ ਦੇ ਨਾਲ ਹੀ ਬਜਟ ‘ਚ ਐਲਾਨਿਆ ਐਕਸਪੋਰਟ ਪ੍ਰਮੋਸ਼ਨ ਮਿਸ਼ਨ ਨੂੰ ਵੀ ਤੇਜ਼ੀ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਭਾਰਤ ਦਾ ਵਿਸ਼ਵ ਵਪਾਰ ਮਜ਼ਬੂਤ ਹੋ ਸਕੇ।ਅਮਰੀਕਾ ਨੇ ਹਾਲ ਹੀ ‘ਚ ਭਾਰਤ ਦੇ ਸਾਮਾਨ ‘ਤੇ 50 ਫੀਸਦੀ ਟੈਰਿਫ ਲਗਾਇਆ ਹੈ, ਜਿਸ ਵਿੱਚੋਂ 25 ਫੀਸਦੀ ਟੈਰਿਫ ਰੂਸ ਤੋਂ ਤੇਲ ਖਰੀਦਣ ਦੀ ਪੈਨਲਟੀ ਦੇ ਤੌਰ ‘ਤੇ ਹੈ। ਇਸ ਟੈਰਿਫ ਦਾ ਅਸਰ ਟੈਕਸਟਾਈਲ, ਰਤਨ ਤੇ ਗਹਿਣਿਆਂ, ਸਕਿੰਨ, ਜੁੱਤੇ, ਰਸਾਇਣ, ਇੰਜੀਨੀਅਰਿੰਗ ਸਾਮਾਨ, ਖੇਤੀਬਾੜੀ ਤੇ ਸਮੁੰਦਰੀ ਉਤਪਾਦਾਂ ਵਰਗੇ ਖੇਤਰਾਂ ‘ਤੇ ਪਿਆ ਹੈ।