TLT NEWS/ਨੇਪਾਲ ‘ਚ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ, ਯੂਟਿਊਬ, ਮੈਸੰਜਰ ਸਮੇਤ ਕੁੱਲ 26 ਇੰਟਰਨੈੱਟ ਮੀਡੀਆ ਪਲੇਟਫਾਰਮ ਬੰਦ ਹੋਣ ਤੋਂ ਬਾਅਦ ਸਰਹੱਦੀ ਇਲਾਕਿਆਂ ‘ਚ ਰਹਿ ਰਹੇ ਮਧੇਸ਼ੀ ਭਾਈਚਾਰੇ ਦੇ ਲੋਕਾਂ, ਹੋਟਲ ਕਾਰੋਬਾਰੀਆਂ ਤੇ ਸੈਲਾਨੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵਾਲਮੀਕ ਨਗਰ ਸਰਹੱਦ ਨਾਲ ਜੁੜੇ ਨੇਪਾਲ ਦੇ ਤ੍ਰਿਵੇਣੀ ‘ਚ ਹਰ ਰੋਜ਼ ਇਕ ਹਜ਼ਾਰ ਤੋਂ ਵੱਧ ਸੈਲਾਨੀ ਆਉਂਦੇ ਹਨ। ਇੱਥੇ ਲਗਪਗ 15 ਹੋਟਲ ਹਨ ਪਰ ਹੁਣ ਸੈਲਾਨੀਆਂ ਦੀ ਗਿਣਤੀ ਘਟ ਕੇ 200 ਤੋਂ 300 ਤਕ ਰਹਿ ਗਈ ਹੈ।
ਹੋਟਲਾਂ ‘ਚ ਸੈਲਾਨੀਆਂ ਲਈ ਵਾਈ-ਫਾਈ ਸਹੂਲਤ ਮੁਫਤ ਦਿੱਤੀ ਜਾਂਦੀ ਹੈ ਜਿਸ ਨਾਲ ਬਹੁਤ ਸਾਰੇ ਸੈਲਾਨੀ ਇੱਥੇ ਆਉਂਦੇ ਸਨ ਪਰ ਹੁਣ ਇਹ ਸੰਭਵ ਨਹੀਂ ਰਿਹਾ। ਹੋਟਲ ਖਾਲੀ ਰਹਿ ਰਹੇ ਹਨ।
ਮਹਿੰਗੀ ਹੋਈ ਗੱਲਬਾਤ
ਤ੍ਰਿਵੇਣੀ ਸਥਿਤ ਹੋਟਲ ਹੈਵਨ ਦੇ ਮਾਲਕ ਸੰਤੋਸ਼ ਨਿਗਮ ਨੇ ਦੱਸਿਆ ਕਿ ਨੇਪਾਲ ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਅਸਰ ਮਧੇਸ਼ੀ ਭਾਈਚਾਰੇ ‘ਤੇ ਪੈ ਰਿਹਾ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਬਿਹਾਰ, ਉੱਤਰ ਪ੍ਰਦੇਸ਼ ਤੇ ਭਾਰਤ ਦੇ ਹੋਰ ਸੂਬਿਆਂ ‘ਚ ਰਹਿੰਦੇ ਹਨ।
ਸੋਸ਼ਲ ਮੀਡੀਆ ਦੇ ਬੰਦ ਹੋ ਜਾਣ ਕਾਰਨ ਲੋਕ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਅਤੇ ਉਨ੍ਹਾਂ ਨੂੰ ਮਹਿੰਗੀਆਂ ਦਰਾਂ ‘ਤੇ ਅੰਤਰਰਾਸ਼ਟਰੀ ਕਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨੇਪਾਲ ਤੋਂ ਭਾਰਤ ਕਾਲ ਕਰਨ ‘ਤੇ ਪੰਜ ਰੁਪਏ ਪ੍ਰਤੀ ਮਿੰਟ ਅਤੇ ਭਾਰਤ ਤੋਂ ਨੇਪਾਲ ਕਾਲ ਕਰਨ ‘ਤੇ 12 ਰੁਪਏ ਪ੍ਰਤੀ ਮਿੰਟ ਟੈਕਸ ਲੱਗਦਾ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ।
ਹੋਟਲਾਂ ‘ਚ ਲੱਗਾ ਵਾਈ-ਫਾਈ ਸ਼ੋਅਪੀਸ
ਤ੍ਰਿਵੇਣੀ ਦੇ ਹੋਟਲ ਰਾਇਲ ਪੀਸ ਦੇ ਮਾਲਕ ਸੁਰੇਸ਼ ਗੁਪਤਾ ਨੇ ਦੱਸਿਆ ਕਿ ਭਾਰਤੀ ਸੈਲਾਨੀਆਂ ਦੀ ਸਹੂਲਤ ਲਈ ਹੋਟਲ ‘ਚ ਵਾਈ-ਫਾਈ ਲਗਾਇਆ ਗਿਆ ਹੈ, ਪਰ ਨੇਪਾਲ ਦੀ ਸਿਮ ‘ਚ ਹੀ ਇੰਟਰਨੈੱਟ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਹਨ, ਜਿਸ ਨਾਲ ਇੰਟਰਨੈੱਟ ਪੂਰੀ ਤਰ੍ਹਾਂ ਬੇਅਸਰ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਹੋਟਲ ‘ਚ ਰਹਿ ਰਹੇ ਭਾਰਤੀ ਸੈਲਾਨੀਆਂ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕਰਨ ‘ਚ ਕਾਫੀ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਚਿੰਤਾ ਜਤਾਈ ਕਿ ਜੇ ਜਲਦੀ ਹਾਲਾਤ ਨਹੀਂ ਸੁਧਰੇ ਤਾਂ ਸੈਰ-ਸਪਾਟੇ ‘ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
ਵ੍ਹਟਸਐਪ ਬੰਦ ਹੋਣ ਨਾਲ ਸੈਲਾਨੀਆਂ ਨਾਲ ਸੰਪਰਕ ਨਹੀਂ ਹੋ ਰਿਹਾ
ਹੋਟਲ ਮਾਈਲਾ ਦਾਈ ਦੇ ਮਾਲਕ ਗਿਆਨ ਬਹਾਦੁਰ ਥਾਪਾ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲ ਵਿਚ ਉੱਤਰ ਪ੍ਰਦੇਸ਼ ਦੇ ਗੋਖਰਾਪੁਰ, ਪਦਰੌਨਾ, ਮਹਾਰਾਜਗੰਜ ਅਤੇ ਬਿਹਾਰ ਦੇ ਬੇਤੀਆ ਅਤੇ ਮੋਤਿਹਾਰੀ ਤੋਂ ਸੈਲਾਨੀ ਆਉਂਦੇ ਹਨ।
ਅਕਸਰ ਗਾਹਕ ਵ੍ਹਟਸਐਪ ਰਾਹੀਂ ਹੀ ਬੁਕਿੰਗ ਤੇ ਖਾਣ-ਪੀਣ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੰਦੇ ਸਨ, ਜਿਸ ਨਾਲ ਹੋਟਲ ਉਨ੍ਹਾਂ ਮੁਤਾਬਕ ਤਿਆਰੀ ਕਰ ਲੈਂਦਾ ਸੀ, ਪਰ ਇੰਟਰਨੈੱਟ ਮੀਡੀਆ ਬੰਦ ਹੋਣ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਸੈਲਾਨੀਆਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ, ਜਿਸ ਨਾਲ ਬੁਕਿੰਗ ‘ਚ ਗਿਰਾਵਟ ਆ ਗਈ ਹੈ। ਉਨ੍ਹਾਂ ਕਿਹਾ ਕਿ ਜੇ ਹਾਲਤ ਐਸੀ ਹੀ ਰਹੀ, ਤਾਂ ਉਨ੍ਹਾਂ ਨੂੰ ਵੀ ਮਜਬੂਰੀ ਵਿਚ ਭਾਰਤੀ ਸਿਮ ਕਾਰਡ ਦਾ ਸਹਾਰਾ ਲੈਣਾ ਪੈ ਸਕਦਾ ਹੈ।
ਕਈ ਜਗ੍ਹਾ ਵਿਰੋਧ ਪ੍ਰਦਰਸ਼ਨ
ਨੇਪਾਲ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਨੌਜਵਾਨਾਂ ‘ਚ ਜ਼ਬਰਦਸਤ ਨਾਰਾਜ਼ਗੀ ਦੇਖੀ ਜਾ ਰਹੀ ਹੈ। ਕਈ ਸਥਾਨਾਂ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਯੁਵਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਿਨਾਂ ਕਿਸੇ ਬਦਲਵੇਂ ਪ੍ਰਬੰਧ ਦੇ ਡਿਜੀਟਲ ਸੰਚਾਰ ਦੇ ਮਹੱਤਵਪੂਰਨ ਮਾਧਿਅਮਾਂ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਵਿਦਿਆਰਥੀਆਂ, ਵਪਾਰੀਆਂ ਅਤੇ ਆਮ ਜਨਤਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਡਿਜੀਟਲ ਨਿਗਰਾਨੀ ਤੇ ਕੰਟਰੋਲ ਦੇ ਨਜ਼ਰੀਏ ਤੋਂ ਲਿਆ ਗਿਆ ਹੋ ਸਕਦਾ ਹੈ, ਪਰ ਬਿਨਾਂ ਸਾਬਕਾ ਸੂਚਨਾ ਅਤੇ ਬੰਦਲਵੇਂ ਪ੍ਰਬੰਧ ਲਾਗੂ ਕਰਨ ਨਾਲ ਆਮ ਨਾਗਰਿਕਾਂ ਦੀ ਰੂਟੀਨ ਪ੍ਰਭਾਵਿਤ ਹੋ ਰਹੀ ਹੈ। ਜੇ ਜਲਦੀ ਹੱਲ ਨਹੀਂ ਕੱਢਿਆ ਗਿਆ ਤਾਂ ਇਸ ਦਾ ਅਸਰ ਨੇਪਾਲ ਦੇ ਸੈਰ-ਸਪਾਟੇ ਅਤੇ ਵਪਾਰ ‘ਤੇ ਵੀ ਦੇਖਣ ਨੂੰ ਮਿਲੇਗਾ।

More Stories
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ
ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ, ਭਾਰਤੀਆਂ ‘ਤੇ ਸਭ ਤੋਂ ਵੱਧ ਅਸਰ