ਅੰਮ੍ਰਿਤਸਰ/TLT NEWS: ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਇਸ ਪਾਸੇ ਪੰਜਾਬ ਵਿਚ ਬਹੁਤ ਸਾਰੇ ਇਲਾਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਅਤੇ ਮੌਸਮ ਦੀ ਮਾਰ ਵੀ ਲਗਾਤਾਰ ਪੈ ਰਹੀ ਹੈ, ਇਸ ਦੇ ਬਾਵਜੂਦ ਸੰਗਤਾਂ ਦਾ ਯਾਤਰਾ ਕਰਨਾ ਖਾਲਸੇ ਦੀ ਚੜਦੀਕਲ੍ਹਾ ਦਾ ਪ੍ਰਤੀਕ ਹੈ। ਸ੍ਰੀ ਹੇਮਕੁੰਟ ਸਾਹਿਬ ਵਿਚ ਇਨ੍ਹਾਂ ਦਿਨਾਂ ਵਿਚ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ। ਇਹ ਨਾ ਸਿਰਫ ਵਿਸ਼ਵਾਸ, ਸਗੋਂ ਸਿੱਖ ਧਰਮ ਦੀ ਮੂਲ ਭਾਵਨਾ ‘ਚੜਦੀਕਲ੍ਹਾ’ ਨੂੰ ਦਰਸਾਉਂਦਾ ਹੈ, ਜਿੱਥੇ ਹਰ ਆਫਤ ਵਿਚ ਸਿੱਖ ਦੀ ਗੁਰੂ ਪ੍ਰਤੀ ਆਸਥਾ ਬਣੀ ਰਹਿੰਦੀ ਹੈ। ਮੁਸ਼ਕਲਾਂ ਵਿਚਕਾਰ ਆਪਣੀ ਯਾਤਰਾ ਰੋਕਣ ਦੀ ਬਜਾਏ ਸ਼ਰਧਾਲੂ ਹੋਰ ਵੀ ਦ੍ਰਿੜਤਾ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਇਕ ਮਹੀਨੇ ਬਾਅਦ 10 ਅਕਤੂਬਰ ਨੂੰ ਬੰਦ ਹੋਣ ਜਾ ਰਹੇ ਹਨ। ਮੌਸਮ ਅਨੁਸਾਰ ਹਿਮਾਲੀਅਨ ਖੇਤਰ ਵਿਚ ਭਾਰੀ ਬਰਫਬਾਰੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਯਾਤਰਾ ਅਸੰਭਵ ਹੋ ਜਾਂਦੀ ਹੈ।
15 ਸਤੰਬਰ ਤੋਂ ਹੈਲੀਕਾਪਟਰ ਸੇਵਾ ਦੀ ਬਹਾਲੀ
ਬਿੰਦਰਾ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਹੇਮਕੁੰਟ ਸਾਹਿਬ ਲਈ ਹੈਲੀਕਾਪਟਰ ਸੇਵਾ 15 ਸਤੰਬਰ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਇਹ ਸੇਵਾ ਉਹਨਾਂ ਸ਼ਰਧਾਲੂਆਂ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੋਵੇਗੀ, ਜੋ ਪੈਦਲ ਯਾਤਰਾ ਕਰਨ ਤੋਂ ਅਸਮਰੱਥ ਹਨ ਜਾਂ ਸਮੇਂ ਦੀ ਘਾਟ ਕਾਰਨ ਦਰਸ਼ਨਾਂ ਲਈ ਜਲਦੀ ਪਹੁੰਚਣਾ ਚਾਹੁੰਦੇ ਹਨ।
1 ਸਤੰਬਰ ਤੋਂ 5 ਸਤੰਬਰ ਤੱਕ ਯਾਤਰਾ ‘ਤੇ ਲੱਗੀ ਸੀ ਰੋਕ
ਦਸਣਯੋਗ ਹੈ ਕਿ ਉਤਰਾਖੰਡ ਦੇ ਚਮੌਲੀ ਜਿਲਾ ਮੈਜਿਸਟਰੇਟ ਵਲੋਂ ਮੌਸਮ ਅਤੇ ਭਾਰੀ ਬਰਸਾਤ ਦੇ ਮੱਦੇਨਜਰ 1 ਸਤੰਬਰ ਤੋਂ 5 ਸਤੰਬਰ ਤੱਕ ਸ੍ਰੀ ਬਦਰੀਨਾਥ ਧਾਮ ਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਰੋਕ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਸੋਮਵਾਰ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਸਨ। ਇਸ ਤੋਂ ਇਲਾਵਾ ਸੰਗਤਾਂ ਗੁਰਦੁਆਰਾ ਸ੍ਰੀ ਰਿਸ਼ੀਕੇਸ਼, ਗੋਬਿੰਦ ਘਾਟ, ਗੋਬਿੰਦ ਧਾਮ ਵਿਖੇ ਵੀ ਯਾਤਰਾ ਲਈ ਪਹੁੰਚੀਆਂ ਹੋਈਆਂ ਹਨ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ