ਨਵੀਂ ਦਿੱਲੀ (TLT NEWS) : 15 ਸਤੰਬਰ ਤੋਂ ਕੋਈ ਵੀ ਵਿਅਕਤੀ 10 ਲੱਖ ਰੁਪਏ ਤੱਕ ਦੀ ਖ਼ਰੀਦਦਾਰੀ ਦਾ ਭੁਗਤਾਨ ਯੂਪੀਆਈ ਜ਼ਰੀਏ ਕਰ ਸਕੇਗਾ। ਇਸ ਲਈ ਭਾਰਤੀ ਰਾਸ਼ਟਰੀ ਭੁਗਤਾਨ ਕਾਰਪੋਰੇਸ਼ਨ (ਐੱਨਪੀਸੀਆਈ) ਨੇ ਵਿਅਕਤੀ ਤੋਂ ਵਪਾਰੀ (ਪੀ2ਐੱਮ) ਯੂਪੀਆਈ ਲੈਣ-ਦੇਣ ਦੀ ਹੱਦ ਵਧਾ ਦਿੱਤੀ ਹੈ। ਇਨ੍ਹਾਂ ਬਦਲਾਵਾਂ ਨਾਲ ਉਨ੍ਹਾਂ ਖੇਤਰਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜਿੱਥੇ ਗਾਹਕਾਂ ਨੂੰ ਅਕਸਰ ਵੱਡੇ ਲੈਣ-ਦੇਣ ’ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਕਾਰਨ ਉਨ੍ਹਾਂ ਨੂੰ ਭੁਗਤਾਨ ਨੂੰ ਵੰਡਣ ਜਾਂ ਚੈੱਕ ਤੇ ਬੈਂਕ ਟਰਾਂਸਫਰ ਵਰਗੇ ਰਵਾਇਤੀ ਬਦਲਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਹਾਲਾਂਕਿ ਵਿਅਕਤੀ ਤੋਂ ਵਿਅਕਤੀ (ਪੀ2ਪੀ) ਟਰਾਂਸਜ਼ੈਕਸ਼ਨ ਦੀ ਹੱਦ ਇਕ ਲੱਖ ਰੁਪਏ ਰੋਜ਼ਾਨਾ ਪਹਿਲਾਂ ਵਾਂਗ ਬਣੀ ਹੋਈ ਹੈ।
ਪੂੰਜੀ ਬਾਜ਼ਾਰ ਤੇ ਬੀਮਾ ਵਿਚ ਨਿਵੇਸ਼ ਲਈ ਪ੍ਰਤੀ ਲੈਣ-ਦੇਣ ਦੀ ਹੱਦ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਜਿਸ ਵਿਚ ਇਕ ਦਿਨ ਵਿਚ ਵੱਧ ਤੋਂ ਵੱਧ 10 ਲੱਖ ਰੁਪਏ ਸ਼ਾਮਲ ਹਨ। ਇਸ ਤੋਂ ਪਹਿਲਾਂ ਐੱਨਪੀਸੀਆਈ ਨੇ ਸਰਕਾਰੀ ਈ-ਮਾਰਕੀਟਪਲੇਸ ’ਤੇ ਕਰ ਭੁਗਤਾਨ ਤੇ ਬਿਆਨਾ ਰਕਮ ਜਮ੍ਹਾਂ ਕਰਨ ਸਮੇਤ ਪ੍ਰਤੀ ਲੈਣ-ਦੇਣ ਦੀ ਹੱਦ ਇਕ ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਸੀ। ਯਾਤਰਾ ਖੇਤਰ ਨੂੰ ਵੀ ਮਹੱਤਵਪੂਰਨ ਹੱਲਾਸ਼ੇਰੀ ਮਿਲੀ ਹੈ, ਜਿੱਥੇ ਲੈਣ-ਦੇਣ ਦੀ ਹੱਦ ਇਕ ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਨਾਲ ਹੀ ਦਿਨ ਦੀ ਹੱਦ 10 ਲੱਖ ਰੁਪਏ ਕਰ ਦਿੱਤੀ ਗਈ ਹੈ।
ਕ੍ਰੈਡਿਟ ਕਾਰਡ ਬਿੱਲ ਭੁਗਤਾਨ ਵੀ ਹੁਣ ਰੋਜ਼ਾਨਾ ਯੂਪੀਆਈ ਰਾਹੀਂ 5 ਲੱਖ ਰੁਪਏ ਤੱਕ ਕੀਤਾ ਜਾ ਸਕਦਾ ਹੈ। ਯੂਪੀਆਈ ਰਾਹੀਂ ਗਹਿਣਿਆਂ ਦੀ ਖ਼ਰੀਦਦਾਰੀ ਹੁਣ ਇਕ ਲੈਣ-ਦੇਣ ਵਿਚ 2 ਲੱਖ ਰੁਪਏ ਤੱਕ ਕੀਤੀ ਜਾ ਸਕੇਗੀ ਜਦਕਿ ਪਹਿਲਾਂ ਇਹ ਹੱਦ ਇਕ ਲੱਖ ਰੁਪਏ ਸੀ। ਫਿਕਸਡ ਡਿਪਾਜ਼ਿਟ ਵਰਗੀਆਂ ਬੈਂਕਿੰਗ ਸੇਵਾਵਾਂ ਵਿਚ ਵੀ ਲੈਣ-ਦੇਣ ਨੂੰ ਵਧਾਇਆ ਗਿਆ ਹੈ ਅਤੇ ਪ੍ਰ੍ਤੀ ਲੈਣ-ਦੇਣ ਅਤੇ ਰੋਜ਼ਾਨਾ ਹੱਦ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਐੱਨਪੀਸੀਆਈ ਨੇ ਕਿਹਾ ਕਿ ਇਹ ਬਦਲਾਅ ਮਹੱਤਵਪੂਰਨ ਖੇਤਰਾਂ ਵਿਚ ਉੱਚ ਮੁੱਲ ਦੇ ਭੁਗਤਾਨਾਂ ਲਈ ਯੂਪੀਆਈ ਨੂੰ ਹੋਰ ਵੱਧ ਉਪਯੋਗੀ ਬਣਾਉਣਗੇ, ਜਿਸ ਨਾਲ ਭਾਰਤ ਵਿਚ ਡਿਜੀਟਲ ਲੈਣ-ਦੇਣ ਨੂੰ ਵਿਆਪਕ ਤੌਰ ’ਤੇ ਅਪਣਾਉਣ ਨੂੰ ਉਤਸ਼ਾਹ ਮਿਲੇਗਾ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ