ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ ਮੰਗੀ ਨਸ਼ਾ ਤਸਕਰਾਂ ‘ਤੇ ਪੁਲਿਸ ਕਾਰਵਾਈ ਬਾਰੇ ਫੀਡਬੈਕ, ਹਿੰਦੀ ‘ਚ ਪ੍ਰੋਫਾਰਮਾ ਭੇਜਣ ਕਾਰਨ ਹੋ ਰਹੀ ਆਲੋਚਨਾ

ਚੰਡੀਗੜ੍ਹ (TLT) ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਜ਼ਮੀਨੀ ਹਕੀਕਤ ਜਾਨਣ ਲਈ ਪੰਚਾਇਤਾਂ ਤੋਂ ਫੀਡਬੈਕ ਮੰਗੀ ਹੈ। ਪੰਚਾਇਤਾਂ ਨੂੰ ਬਾਕਾਇਦਾ ਪ੍ਰੋਫਾਰਮਾ ਭੇਜਿਆ ਗਿਆ ਹੈ, ਜਿਸ ਵਿਚ ਵੱਖ-ਵੱਖ ਕਾਲਮ ਬਣਾਏ ਗਏ ਹਨ, ਜੋ ਪੰਚਾਇਤਾਂ ਨੇ ਪੂਰੇ ਵੇਰਵੇ ਸਹਿਤ ਭਰਨੇ ਹਨ। ਪੰਚਾਇਤ, ਸਰਪੰਚ, ਪੰਚ ਤੋਂ ਇਲਾਵਾ ਪਿੰਡ ਡਿਫੈਂਸ ਕਮੇਟੀ (ਵੀਡੀਸੀ) ਦੇ ਮੈਂਬਰਾਂ ਨੂੰ ਵੀ ਆਪਣੀ ਰਾਇ ਇਸ ਪ੍ਰੋਫਾਰਮੇ ਵਿਚ ਦੇਣੀ ਹੋਵੇਗੀ। ਜਾਣਕਾਰੀ ਅਨੁਸਾਰ ਸਰਕਾਰ ਨੇ ਪੰਚਾਇਤਾਂ ਤੋਂ 24 ਜੂਨ ਤੱਕ ਰਿਪੋਰਟ ਮੰਗੀ ਹੈ। ਇਹ ਪ੍ਰੋਫਾਰਮਾ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਪ੍ਰੋਫਾਰਮਾ ਹਿੰਦੀ ਵਿਚ ਜਾਰੀ ਕੀਤੇ ਜਾਣ ਨੂੰ ਲੈ ਕੇ ਸਰਕਾਰ ਦੀ ਸੋਸ਼ਲ ਮੀਡੀਆਂ ’ਤੇ ਆਲੋਚਨਾ ਵੀ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਆਲੋਚਨਾ ਹੋਣ ਤੋਂ ਬਾਅਦ ਸਰਕਾਰ ਨੇ ਪੰਜਾਬੀ ਵਿਚ ਵੀ ਪ੍ਰੋਫਾਰਮਾ ਤਿਆਰ ਕਰ ਲਿਆ ਹੈ।

ਇੱਥੇ ਦੱਸਿਆ ਜਾਂਦਾ ਹੈ ਕਿ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦੇ 107 ਦਿਨ ਪੂਰੇ ਹੋ ਚੁੱਕੇ ਹਨ। ਇਸ ਸਮੇਂ ਦੌਰਾਨ ਪੁਲਿਸ ਵੱਲੋਂ 10511 ਕੇਸ ਦਰਜ ਕਰਨ, 17749 ਵਿਅਕਤੀਆਂ (ਨਸ਼ਾ ਤਸ਼ਕਰਾਂ) ਨੂੰ ਹਿਰਾਸਤ ਵਿਚ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਹੇਠਲੇ ਪੱਧਰ ’ਤੇ ਨਸ਼ੇ ਦੀ ਵਿਕਰੀ ਦੀਆਂ ਸ਼ਿਕਾਇਤਾਂ ਸਰਕਾਰ ਕੋਲ ਪੁੱਜ ਰਹੀਆਂ ਹਨ।