Canada News: ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਦੋ ਦਿਨਾਂ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ

ਸਰੀ, 24 ਸਤੰਬਰ TLT NEWS/ – ‘ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼’ ਵੱਲੋਂ ਆਪਣੀ ਚੌਥੀ ਸਾਲਾਨਾ ‘ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ-2025’ ਸਰੀ ਸਿਟੀ ਹਾਲ ਵਿਖੇ ਕਰਵਾਈ ਗਈ। ਇਸ ਦੋ ਦਿਨਾਂ ਕਾਨਫਰੰਸ ਵਿੱਚ ਕੈਨੇਡਾ ਅਤੇ ਅਮਰੀਕਾ ਤੋਂ ਪਹੁੰਚੇ ਵੱਖ ਵੱਖ ਯੂਨੀਵਰਸਿਟੀਆਂ ਦੇ ਨਾਮਵਰ ਵਿਦਵਾਨਾਂ ਅਤੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਆਪਣੇ ਖੋਜ ਭਰਪੂਰ ਪਰਚੇ ਅਤੇ ਵਿਚਾਰ ਪੇਸ਼ ਕੀਤੇ।

ਕਾਨਫਰੰਸ ਦੀ ਸ਼ੁਰੂਆਤ ਕੇਵਿਨ ਕੈਲੀ ਵੱਲੋਂ ਆਦਿਵਾਸੀ ਲੋਕਾਂ ਦੀ ਬੰਦਨਾਂ ਅਤੇ ਐਸ.ਐਫ.ਯੂ. ਦੇ ਵਿਦਿਆਰਥੀ ਗੁਰਮਤ ਸਿੰਘ ਧਾਲੀਵਾਲ ਵੱਲੋਂ ਕੀਤੀ ਅਰਦਾਸ ਨਾਲ ਹੋਈ। ਸਟੇਜ ਸੰਚਾਲਨ ਕਰ ਰਹੇ ਅਮਨ ਸਿੰਘ ਹੁੰਦਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਇਸ ਕਾਨਫਰੰਸ ਲਈ ਭੇਜੀਆਂ ਸ਼ੁੱਭ ਕਾਮਨਾਵਾਂ ਪੜ੍ਹੀਆਂ। ਸਰੀ ਸਿਟੀ ਦੀ ਮੇਅਰ ਬਰੈਂਡਾ ਲੌਕ ਨੇ ਸੰਸਥਾ ਦੇ ਵੱਡਮੁੱਲੇ ਵਿਦਿਅਕ ਕਾਰਜ ਲਈ ਗਿਆਨ ਸਿੰਘ ਸੰਧੂ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਬੀ.ਸੀ. ਦੀ ਉੱਚ ਸਿੱਖਿਆ ਮੰਤਰੀ ਜੈਸੀ ਸੁੰਨੜ ਨੇ ਆਪਣੇ ਵੱਲੋਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਇਬੀ ਵੱਲੋਂ ਭੇਜਿਆ ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ।

ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ (ਜੀ ਐਨ ਆਈ) ਦੇ ਅਕੈਡਮਿਕ ਕੋ-ਚੇਅਰ ਡਾ. ਸਤਪਾਲ ਸਿੰਘ ਨੇ ਕਾਨਫਰੰਸ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਵਿਚ ਭੂਤਕਾਲ ਦਾ ਸਨਮਾਨ ਕਰਨ ਅਤੇ ਭਵਿੱਖ ਨੂੰ ਤਾਕਤਵਰ ਬਣਾਉਣ ਸੰਬਧੀ ਨਾਮਵਰ ਵਿਦਵਾਨ, ਵਿਦਿਅਕ ਮਾਹਰ, ਸਕਾਲਰ ਅਤੇ ਬੁਲਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਅਤੀਤ ਦੀ ਵਿਦਵਤਾ ਦਾ ਸਨਮਾਨ ਕਰਨਾ ਅਤੇ ਨਾਲ ਹੀ ਅਗਲੀ ਪੀੜ੍ਹੀ ਨੂੰ ਦੇਲਰੀ ਨਾਲ ਕਲਪਨਾ ਕਰਨ, ਨੈਤਿਕਤਾ ਨਾਲ ਅਗਵਾਈ ਕਰਨ ਅਤੇ ਦੁਨੀਆਂ ਭਰ ਵਿਚ ਤਰੱਕੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ।

ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ (ਜੀ ਐਨ ਆਈ) ਦੇ ਪ੍ਰਧਾਨ ਅਤੇ ਸੀ.ਈ.ਓ. ਗਿਆਨ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ (GNI) ਕੈਨੇਡਾ ਵਿੱਚ ਸਥਾਪਿਤ ਇੱਕ ਗ਼ੈਰ-ਮੁਨਾਫ਼ਾ ਸਿੱਖਿਆ ਅਤੇ ਖੋਜ ਸੰਸਥਾ ਹੈ। 230 ਅਕਾਦਮਿਕ ਅਤੇ ਪੇਸ਼ੇਵਰਾਂ ਦੀ ਇੱਕ ਸਮਰਪਿਤ ਅੰਤਰਰਾਸ਼ਟਰੀ ਟੀਮ ਦੇ ਨਾਲ ਜੀ.ਐਨ.ਆਈ. ਦਾ ਉਦੇਸ਼ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਸਿੱਖ ਲੋਕਾਚਾਰ ਦੀ ਸਮਝ ਦੀ ਖੋਜ ਅਤੇ ਵਿਸਥਾਰ ਕਰਨਾ, ਖੋਜ, ਸਿੱਖਿਆ ਅਤੇ ਸੇਵਾ ਰਾਹੀਂ ਸਿੱਖੀ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਸਹਿ-ਹੋਂਦ ਲਈ ਯਤਨ ਕਰਨਾ ਹੈ।