ਨਵੀਂ ਦਿੱਲੀ /TLT NEWS: ਸੋਮਵਾਰ ਤੋਂ ਜੀਐੱਸਟੀ ਦੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ ਪਰ ਛੋਟੇ ਦੁਕਾਨਦਾਨ ਬਿਸਕੁਟ, ਚਿਪਸ, ਸਾਬਣ, ਤੇਲ ਵਰਗੀਆਂ ਆਈਟਮਾਂ ’ਤੇ ਜੀਐੱਸਟੀ ਵਿਚ ਕਟੌਤੀ ਦਾ ਲਾਭ ਗਾਹਕਾਂ ਨੂੰ ਨਹੀਂ ਦੇ ਰਹੇ ਹਨ। ਉਹ ਇਨ੍ਹਾਂ ਆਈਟਮਾਂ ’ਤੇ ਛਪੇ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮਆਰਪੀ) ’ਤੇ ਹੀ ਰੋਜ਼ਾਨਾ ਦੀਆਂ ਵਸਤੂਆਂ ਦੀ ਵਿਕਰੀ ਕਰ ਰਹੇ ਹਨ, ਜਿਨ੍ਹਾਂ ’ਤੇ ਸਰਕਾਰ ਨੇ ਜੀਐੱਸਟੀ 12 ਫ਼ੀਸਦੀ ਤੋਂ ਘੱਟ ਕੇ ਪੰਜ ਫ਼ੀਸਦੀ ਜਾਂ ਸਿਫ਼ਰ ਕਰ ਦਿੱਤੀ ਹੈ।ਜੀਐੱਸਟੀ ਮਾਹਰਾਂ ਮੁਤਾਬਕ ਇਹ ਸਾਰੀ ਪਰੇਸ਼ਾਨੀ 22 ਸਤੰਬਰ ਤੋਂ ਬਾਅਦ ਪੁਰਾਣੀਆਂ ਦਰਾਂ ਮੁਤਾਬਕ ਜੀਐੱਸਟੀ ਰਿਫੰਡ ਨਾ ਮਿਲਣ ਦੀ ਵਜ੍ਹਾ ਨਾਲ ਹੋ ਰਹੀ ਹੈ। ਹਾਲਾਂਕਿ ਇਸ ਪ੍ਰਕਾਰ ਦੀਆਂ ਰੋਜ਼ਾਨਾ ਦੀਆਂ ਆਈਟਮਾਂ ਦੀਆਂ ਨਿਰਮਾਤਾ ਕੰਪਨੀਆਂ ਨੇ ਆਪਣੇ ਡੀਲਰਾਂ ਤੇ ਛੋਟੇ ਦੁਕਾਨਦਾਰਾਂ ਨੂੰ ਸਾਫ਼ ਕਿਹਾ ਹੈ ਕਿ ਕੰਪਨੀ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰੇਗੀ ਅਤੇ ਉਹ 22 ਸਤੰਬਰ ਤੋਂ ਹੀ ਨਵੀਆਂ ਦਰਾਂ ’ਤੇ ਸਾਮਾਨ ਦੀ ਵਿਕਰੀ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ 22 ਸਤੰਬਰ ਤੋਂ ਹੀ ਨਵੀਆਂ ਦਰਾਂ ’ਤੇ ਵਿਕਰੀ ਦਾ ਆਦੇਸ਼ ਦਿੱਤਾ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਹੈ।
ਕੀ ਹੈ ਪਰੇਸ਼ਾਨੀ
ਬਾਜ਼ਾਰ ਵਿਚ ਜਿਹੜੀਆਂ ਪੈਕੇਡ ਆਈਟਮਾਂ ਵੇਚੀਆਂ ਜਾਂਦੀਆਂ ਹਨ, ਉਨ੍ਹਾਂ ਦੀ ਐੱਮਆਰਪੀ ਵਿਚ ਜੀਐੱਸਟੀ ਸ਼ਾਮਲ ਹੁੰਦਾ ਹੈ। ਜਿਵੇਂ 20 ਰੁਪਏ ਵਾਲੇ ਐੱਮਆਰਪੀ ਵਾਲੇ ਚਿਪਸ ਦੀ ਕੀਮਤ ਵਿਚ 12 ਫ਼ੀਸਦੀ ਜੀਐੱਸਟੀ ਸ਼ਾਮਲ ਹੁੰਦਾ ਹੈ। ਨਿਰਮਾਤਾ ਕੰਪਨੀ ਦੇ ਇੱਥੋਂ ਡੀਲਰ ਜਦੋਂ ਚਿਪਸ ਦਾ ਪੈਕਟ ਲੈਂਦਾ ਹੈ ਤਾਂ ਉਹ ਉਸ ਚਿਪਸ ’ਤੇ ਲੱਗਣ ਵਾਲਾ 12 ਫ਼ੀਸਦੀ ਜੀਐੱਸਟੀ ਚੁਕਾ ਕੇ ਉਸ ਨੂੰ ਵਿਕਰੀ ਲਈ ਲਿਆਉਂਦਾ ਹੈ। ਡੀਲਰ ਦੁਕਾਨਦਾਰ ਨੂੰ ਦਿੰਦਾ ਹੈ, ਜਿਹੜਾ 20 ਰੁਪਏ ਵਿਚ ਚਿਪਸ ਵੇਚ ਕੇ ਗਾਹਕ ਤੋਂ 12 ਫ਼ੀਸਦੀ ਜੀਐੱਸਟੀ ਵਸੂਲਦਾ ਹੈ। ਜੀਐੱਸਟੀ ਪੂਰੀ ਤਰ੍ਹਾਂ ਗਾਹਕ ਤੋਂ ਵਸੂਲਿਆ ਜਾਂਦਾ ਹੈ। ਇਸ ਨਾਲ ਦੁਕਾਨਦਾਰ ਜਾਂ ਡੀਲਰ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਡੇਲਾਇਟ ਦੇ ਪਾਰਟਨਰ (ਇਨਡਾਇਰੈਕਟ ਟੈਕਸ) ਐੱਮਐੱਸ ਮਨੀ ਕਹਿੰਦੇ ਹਨ ਕਿ ਕਿਉਂਕਿ ਡੀਲਰ ਤੇ ਦੁਕਾਨਦਾਰ 12 ਫ਼ੀਸਦੀ ਦਾ ਜੀਐੱਸਟੀ ਦੇ ਚੁੱਕਾ ਹੈ ਜੋ ਉਸ 20 ਰੁਪਏ ਦੇ ਐੱਮਆਰਪੀ ਵਿਚ ਸ਼ਾਮਲ ਹੈ, ਇਸ ਲਈ ਹੁਣ ਜੇਕਰ ਉਹ 20 ਰੁਪਏ ਦੇ ਚਿਪਸ ਦੇ ਪੈਕਟ ਨੂੰ ਘੱਟ ਭਾਅ ’ਤੇ ਵੇਚਦਾ ਹੈ ਤਾਂ ਉਸ ਨੂੰ ਘਾਟਾ ਹੋਵੇਗਾ। ਕਿਉਂਕਿ ਸਰਕਾਰ 22 ਸਤੰਬਰ ਤੋਂ ਪਹਿਲਾਂ ਬਣੀਆਂ ਚੀਜ਼ਾਂ ’ਤੇ ਪੁਰਾਣੀਆਂ ਦਰਾਂ ਨਾਲ ਹੀ ਜੀਐੱਸਟੀ ਵਸੂਲੇਗੀ। ਮਨੀ ਨੇ ਦੱਸਿਆ ਕਿ ਉਪਭੋਗਤਾ ਵਸਤੂਆਂ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਡੀਲਰਾਂ ਨੂੰ ਕਹਿ ਚੁੱਕੀਆਂ ਹਨ ਕਿ ਉਹ 22 ਸਤੰਬਰ ਤੋਂ ਗਾਹਕਾਂ ਨੂੰ ਨਵੀਂ ਜੀਐੱਸਟੀ ਦਰ ਦੇ ਹਿਸਾਬ ਨਾਲ ਵਸਤੂਆਂ ਦੀ ਵਿਕਰੀ ਕਰਨ ਅਤੇ ਇਸ ਨਾਲ ਕੀਮਤ ਵਿਚ ਜਿਹੜਾ ਅੰਤਰ ਆਵੇਗਾ, ਉਸ ਦੀ ਭਰਪਾਈ ਨਿਰਮਾਤਾ ਕੰਪਨੀ ਕਰ ਦੇਵੇਗੀ। ਇਹੀ ਭਰੋਸਾ ਏਸੀ, ਕਾਰ, ਸਕੂਟਰ ਤੇ ਬਾਈਕ ਕੰਪਨੀਆਂ ਨੇ ਵੀ ਆਪਣੇ ਡੀਲਰਾਂ ਨੂੰ ਦਿੱਤਾ ਹੈ ਅਤੇ ਉਹ 22 ਸਤੰਬਰ ਤੋਂ ਇਨ੍ਹਾਂ ਆਈਟਮਾਂ ਨੂੰ ਘੱਟ ਭਾਅ ’ਤੇ ਵੇਚ ਰਹੇ ਹਨ। ਸਰਕਾਰ ਨੇ ਵੀ ਕੰਪਨੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ 22 ਸਤੰਬਰ ਤੋਂ ਨਵੀਂ ਦਰ ਵਿਕਰੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
22 ਸਤੰਬਰ ਤੋਂ ਬਣਨ ਵਾਲੇ ਮਾਲ ’ਤੇ ਹੋਵੇਗੀ ਨਵੀਂ ਐੱਮਆਰਪੀ
ਮਾਹਰਾਂ ਮੁਤਾਬਕ, 22 ਸਤੰਬਰ ਤੋਂ ਜਿਹੜਾ ਮਾਲ ਫੈਕਟਰੀ ਤੋਂ ਬਣ ਕੇ ਨਿਕਲੇਗਾ, ਉਸ ’ਤੇ ਨਵੀਆਂ ਦਰਾਂ ਦੇ ਹਿਸਾਬ ਨਾਲ ਐੱਮਆਰਪੀ ਹੋਵੇਗਾ। ਫਿਰ ਛੋਟੇ ਦੁਕਾਨਦਾਰ ਜਾਂ ਕੋਈ ਵੀ ਪੁਰਾਣੀਆਂ ਜੀਐੱਸਟੀ ਦਰਾਂ ਦੇ ਹਿਸਾਬ ਨਾਲ ਵਸਤੂਆਂ ਦੀ ਵਿਕਰੀ ਨਹੀਂ ਕਰ ਸਕੇਗਾ। ਮਨੀ ਕਹਿੰਦੇ ਹਨ ਕਿ ਸਾਰੇ ਪ੍ਰਕਾਰ ਦੀਆਂ ਕੰਪਨੀਆਂ ਨੂੰ ਜੀਐੱਸਟੀ ਦੀਆਂ ਦਰਾਂ ਵਿਚ ਕਟੌਤੀ ਨਾਲ ਆਉਣ ਵਾਲੇ ਮਹੀਨਿਆਂ ਵਿਚ ਬੰਪਰ ਵਿਕਰੀ ਦੀ ਉਮੀਦ ਹੈ। ਇਸੇ ਵਜ੍ਹਾ ਨਾਲ ਨਿਰਮਾਤਾ ਕੰਪਨੀਆਂ ਪੁਰਾਣੇ ਮਾਲ ਨੂੰ ਘੱਟ ਭਾਅ ’ਤੇ ਵੇਚਣ ਨਾਲ ਹੋਣ ਵਾਲੇ ਘਾਟੇ ਦੀ ਭਰਪਾਈ ਕਰਨ ਲਈ ਤਿਆਰ ਹਨ।

More Stories
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ
ਮੈਕਸੀਕੋ ‘ਚ ਖ਼ੌਫ਼ਨਾਕ ਡਰੱਗ ਤਸਕਰ ‘ਐਲ ਮੈਂਚੋ’ ਦੀ ਮੌਤ ਮਗਰੋਂ ਭੜਕੀ ਹਿੰਸਾ, ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ