ਚਾਰ ਪੁੱਤਰ ਅਤੇ ਫੈਮਲੀ ਪੈਨਸ਼ਨ ਹੁੰਦਿਆਂ ਵੀ ਨਹੀਂ ਹੋ ਰਹੀ ਦੇਖਭਾਲ
TLT NEWS/ਅੱਜ ਜਗਰਾਉਂ ਦੇ ਐਸਐਸਪੀ ਦਫਤਰ ਪਹੁੰਚੀ ਇੱਕ 90 ਸਾਲਾ ਬਜ਼ੁਰਗ ਮਾਤਾ ਨੇ ਇਨਸਾਫ ਲਈ ਐਸਐਸਪੀ ਲੁਧਿਆਣਾ ਦਿਹਾਤੀ ਦਾ ਦਰਵਾਜ਼ਾ ਖੜਕਾਇਆ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਮਾਤਾ ਨੇ ਦੱਸਿਆ ਕਿ ਉਸ ਦੀ ਉਮਰ 90 ਸਾਲ ਹੈ ਅਤੇ ਉਸ ਨੂੰ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਅਤੇ ਉਹ ਹਲਕਾ ਜਿਹਾ ਕੁੱਬ ਖਾ ਕੇ ਆਪਣੇ ਸਰੀਰ ਨੂੰ ਤਕਲੀਫ ਦਿੰਦੀ ਹੋਈ ਐਸਐਸਪੀ ਦਫਤਰ ਦੇ ਕਈ ਚੱਕਰ ਇਨਸਾਫ ਖਤਰ ਲਗਾ ਚੁੱਕੀ ਹੈ। ਜਦੋਂ ਮਾਤਾ ਨੂੰ ਉੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸ ਦਾ ਪਤੀ ਫੌਜ ਵਿੱਚੋਂ ਰਿਟਾਇਰ ਹੋ ਗਿਆ ਸੀ ਅਤੇ ਉਸ ਦੀ ਪਰਿਵਾਰਕ ਪੈਨਸ਼ਨ ਵੀ ਮਾਤਾ ਨੂੰ ਲੱਗੀ ਹੋਈ ਹੈ ਅਤੇ ਉਸ ਦੇ ਚਾਰ ਪੁੱਤਰ ਹਨ ਪਰ ਉਸਦੇ ਚਾਰੇ ਪੁੱਤਰ ਉਸ ਕੋਲੋਂ ਪੈਨਸ਼ਨ ਖੋਹ ਲੈਂਦੇ ਹਨ। ਪਰ ਉਸ ਦੀ ਦੇਖਭਾਲ ਨਹੀਂ ਕਰਦੇ। ਉਲਟਾ ਉਸ ਦੀ ਕੁੱਟਮਾਰ ਵੀ ਕਰਦੇ ਹਨ। ਮਾਤਾ ਦੇ ਨਾਲ ਆਏ ਇੱਕ ਰਾਹਗੀਰ ਨੇ ਦੱਸਿਆ ਕਿ ਉਹ ਬੱਸ ਸਟੈਂਡ ਤੇ ਖੜਾ ਸੀ ਅਤੇ ਮਾਤਾ ਐਸਐਸਪੀ ਦਫਤਰ ਜਾਣ ਲਈ ਲੋਕਾਂ ਦੀ ਮਿੰਨਤ ਮਸ਼ੱਕਤ ਕਰ ਰਹੀ ਸੀ। ਜਿਸ ਤੇ ਉਸ ਨੂੰ ਤਰਸ ਆਇਆ ਤੇ ਉਹ ਬਜ਼ੁਰਗ ਮਾਤਾ ਅਮਰ ਕੌਰ ਨੂੰ ਆਪਣੇ ਨਾਲ ਐਸਐਸਪੀ ਦਫਤਰ ਲੈ ਕੇ ਆਇਆ ਹੈ। ਇਸ ਬਾਰੇ ਜਦੋਂ ਚੌਂਕੀ ਗਿੱਧਰ ਵਿੰਡੀ ਦੇ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਤਾ ਅਮਰ ਕੌਰ ਦੇ ਪਰਿਵਾਰਿਕ ਮੈਂਬਰਾਂ ਨਾਲ ਬੈਠ ਕੇ ਗੱਲ ਬਾਤ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਤਾ ਦਾ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜਿੱਥੇ ਇੱਕ 90 ਸਾਲਾਂ ਬਜ਼ੁਰਗ ਨੂੰ ਆਪਣੇ ਪੁੱਤਰਾਂ ਤੋਂ ਸੇਵਾ ਦਾ ਹੱਕ ਲੈਣ ਲਈ ਸਰਕਾਰੇ ਦਰਬਾਰੇ ਧੱਕੇ ਖਾਣੇ ਪੈ ਰਹੇ ਹਨ। ਜਦ ਕਿ ਸਰਕਾਰ ਵੱਲੋਂ ਕਈ ਅਜਿਹੇ ਨਿਯਮ ਬਣਾਏ ਗਏ ਹਨ ਜਿਸ ਵਿੱਚ ਜੇਕਰ ਬੱਚੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦੇ ਤਾਂ ਉਹਨਾਂ ਉੱਪਰ ਸਖਤ ਕਾਰਵਾਈ ਹੋ ਸਕਦੀ ਹੈ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ