ਹਰਿਆਣਾ ਸਰਕਾਰ ਨੇ ਔਰਤਾਂ ਨੂੰ ਦਿੱਤੀ 2100 ਰੁਪਏ ਦੀ ਸੌਗਾਤ, ਪੰਜਾਬ ’ਚ ਸਿਆਸਤ ਭਖ਼ੀ

TLT NEWS/ ਹਰਿਆਣਾ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿਚ ਭਾਜਪਾ ਨੂੰ ਆਪ ਦੇ ਖਿਲਾਫ਼ ਇਕ ਹੋਰ ਮੁੱਦਾ ਮਿਲ ਗਿਆ ਹੈ। ਭਾਜਪਾ ਨੇ ਪੰਜਾਬ ਵਿਚ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਭਾਜਪਾ ਦਾ ਹੁਣ ਤੱਕ ਸ਼ਹਿਰੀ ਖੇਤਰਾਂ ਵਿਚ ਪ੍ਰਭਾਵ ਮੰਨਿਆਂ ਜਾਂਦਾ ਸੀ, ਪਰ ਜਿਸ ਢੰਗ ਨਾਲ ਭਾਜਪਾ ਨੇ ਅਨੁਸੂਚਿਤ ਜਾਤੀ ਵਰਗ ਅਤੇ ਜੱਟ ਸਿੱਖ ਵਰਗ ਨਾਲ ਸਬੰਧਤ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਹੈ, ਉਸ ਨਾਲ ਭਾਜਪਾ ਦੀ ਪਿੰਡਾਂ ਵਿਚ ਐਂਟਰੀ ਹੋ ਗਈ ਹੈ। ਭਾਜਪਾ ਆਗੂਆਂ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਹੈ ਕਿ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਹਰਿਆਣਾ ਦੀ ਤਰਜ਼ ਤੇ ਔਰਤਾਂ ਨੂੰ 2100 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਸਿਆਸੀ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਭਾਜਪਾ ਆਗਾਮੀ ਚੋਣਾਂ ਵਿਚ ਇਸਨੂੰ ਸਿਆਸੀ ਮੁੱਦਾ ਅਤੇ ਆਪਣਾ ਚੋਣ ਵਾਅਦਾ ਵੀ ਬਣਾਏਗੀ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੀ ਗਰੰਟੀ ਦਿੱਤੀ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਉਸ ਵਕਤ ਸੂਬੇ ਵਿਚ ਇਕ ਕਰੋੜ ਦੋ ਲੱਖ ਦੇ ਕਰੀਬ ਮਹਿਲਾਂ ਵੋਟਰ ਸਨ। ਆਪ ਦੀ ਇਸ ਗਰੰਟੀ ਕਾਰਨ ਸੂਬੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਆਪ ਦੇ ਹੱਕ ਵਿਚ ਭੁਗਤੀਆਂ ਸਨ, ਪਰ ਹੁਣ ਸੂਬੇ ਦੀ ਸਥਿਤੀ ਬਦਲ ਗਈ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਦੀ ਆਰਥਿਕ ਹਾਲਤ ਬਹੁਤ ਪਤਲੀ ਹੈ, ਜਿਸ ਕਰਕੇ ਇਹ ਵਾਅਦਾ ਪੂਰਾ ਕਰਨਾ ਸੂਬਾ ਸਰਕਾਰ ਲਈ ਬਹੁਤਾ ਸੁਖਾਲਾ ਨਹੀਂ ਹੈ। ਪੰਜਾਬ ਦਾ ਖਜ਼ਾਨਾ ਪਿਛਲੇ ਮਹੀਨਿਆਂ ਦੌਰਾਨ ਕਈ ਵਾਰ ਓਵਰ ਡਰਾਫਟ ਹੋ ਚੁੱਕਾ ਹੈ ਅਤੇ ਪੰਜਾਬ ’ਤੇ ਪੌਣੇ ਚਾਰ ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ ਹੋ ਚੁੱਕਾ ਹੈ। ਜੇਕਰ ਸਰਕਾਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾਂ ਦੇਣ ਦੀ ਸਕੀਮ ਸ਼ੁਰੂ ਕਰਦੀ ਹੈ ਤਾਂ ਖ਼ਜ਼ਾਨੇ ’ਤੇ ਦਸ ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ।

ਕਾਂਗਰਸ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਵੀ ਆਪ ਸਰਕਾਰ ਖਾਸਕਰਕੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਅਤੇ ਸਰਕਾਰ ਹਰ ਹਾਲਤ ਵਿਚ ਆਪਣਾ ਵਾਅਦਾ ਪੂਰਾ ਕਰੇਗੀ।